ਤਲਵੰਡੀ ਸਾਬੋ/ਬਠਿੰਡਾ (ਜਗਦੀਪ ਗਿੱਲ)
ਭਾਜਪਾ ਦੇ ਫਾਸ਼ੀਵਾਦੀ ਖਤਰੇ ਦਾ ਟਾਕਰਾ ਕਰਨ ਲਈ ਕਿਰਤੀ ਧਿਰਾਂ ਦੀ ਤਰਜਮਾਨੀ ਕਰਦੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਧੜਿਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਲੋਕਾਈ ਦਾ ਵਿਸ਼ਾਲ ਏਕਾ ਉਸਾਰਨ ਦੀ ਲੋੜ ਹੈ। ਇਹ ਵਿਚਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ ਅਤੇ ਉਨ੍ਹਾ ਦੇ ਨਾਲ ਅਬਜ਼ਰਵਰ ਦੇ ਤੌਰ ’ਤੇ ਆਏ ਨਰਿੰਦਰ ਕੌਰ ਸੋਹਲ ਅਤੇ ਕੁਸ਼ਲ ਭੌਰਾ ਨੇ ਬਠਿੰਡਾ ਸੀ ਪੀ ਆਈ ਦੀ 24 ਵੀਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਜਸ਼ਨ ਰਾਸਟਰੀ ਝੰਡੇ ਵੇਚ ਕੇ ਨਹੀਂ, ਸਗੋਂ ਕਿਰਤੀ ਕੌਮ ਦਾ ਢਿੱਡ ਭਰਦਿਆਂ ਉਸਾਰੂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਮਨਾਉਣੇ ਚਾਹੀਦੇ ਹਨ। ਆਗੂਆਂ ਕਿਹਾ ਕਿ ਦੇਸ਼ ਦੀ ਡੈਮੋਕਰੇਸੀ ਅਤੇ ਫੈਡਰਲ ਢਾਂਚੇ ਨੂੰ ਬਚਾਅ ਕੇ ਰੱਖਣ ਦੀ ਫੌਰੀ ਲੋੜ ਪੈਦਾ ਹੋ ਗਈ ਹੈ, ਜਿਸ ਨੂੰ ਭਾਜਪਾ ਸਿੱਧੇ ਜਾਂ ਅਸਿੱਧੇ ਢੰਗਾਂ ਰਾਹੀ ਜਾਂ ਆਪਣੀਆਂ ਏਜੰਸੀਆ ਰਾਹੀਂ ਖਤਮ ਕਰਨ ’ਤੇ ਤੁਲੀ ਹੋਈ ਹੈ। ਜ਼ਿਕਰਯੋਗ ਹੈ ਕਿ ਆਲ ਇੰਡੀਆ ਸੀ ਪੀ ਆਈ ਦਾ ਕੌਮੀ ਤੇ ਸੂਬਾਈ ਮਹਾਂਸੰਮੇਲਨ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਜ਼ਿਲ੍ਹਾਵਾਰ ਜ਼ਿਲ੍ਹਿਆਂ ਦੀਆਂ ਜਥੇਬੰਦਕ ਚੋਣਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਚੋਣ ਕਾਨਫਰੰਸ ਦੀ ਪ੍ਰਧਾਨਗੀ ਮੱਖਣ ਸਿੰਘ ਜੋਧਪੁਰ, ਜੀਤਾ ਸਿੰਘ ਪਿੱਥੋ ਅਤੇ ਅਮਰਜੀਤ ਕੌਰ ਰਾਮਪੁਰਾ ’ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਪੁਰਾਣੀ ਜ਼ਿਲ੍ਹਾ ਕਾਰਜਕਾਰਨੀ ਵੱਲੋਂ ਨਵੀਂ ਜ਼ਿਲ੍ਹਾ ਕੌਂਸਲ ਦੇ ਨਾਵਾਂ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਦੇ ਚਲਦਿਆਂ ਕੁਝ ਬਹਿਸ ਪਿੱਛੋਂ 31 ਮੈਂਬਰੀ ਜ਼ਿਲ੍ਹਾ ਕੌਂਸਲ ਚੁਣ ਲਈ ਗਈ। ਜ਼ਿਲ੍ਹਾ ਕੌਂਸਲ ਦੀ ਚੋਣ ਉਪਰੰਤ ਸਕੱਤਰ ਦੇ ਅਹੁਦੇ ਲਈ ਬਲਕਰਨ ਬਰਾੜ ਦਾ ਨਾਂਅ ਪੇਸ਼ ਹੁੰਦਿਆਂ ਹੀ ਕੁਝ ਸਾਥੀਆਂ ਨੇ ਮੁਕਾਬਲੇ ਵਿਚ ਸੁਰਜੀਤ ਸਿੰਘ ਸਰਦਾਰ ਦਾ ਨਾਂਅ ਵੀ ਪੇਸ਼ ਕਰ ਦਿੱਤਾ।
ਜ਼ਿਲ੍ਹਾ ਸਕੱਤਰ ਦੀ ਪਦਵੀ ਲਈ ਦੋ ਨਾਂਅ ਆ ਜਾਣ ਪਿੱਛੋਂ ਚੋਣ ਕਰਵਾਉਣੀ ਜ਼ਰੂਰੀ ਹੋ ਗਈ, ਜਿਸ ਦੇ ਚਲਦਿਆਂ ਹੱਥ ਖੜੇ ਕਰਕੇ ਪੁਆਈਆਂ ਵੋਟਾਂ ਅਨੁਸਾਰ 17-6 ਦੇ ਫਰਕ ਨਾਲ ਬਲਕਰਨ ਬਰਾੜ ਨੂੰ ਜ਼ਿਲ੍ਹਾ ਸੀ ਪੀ ਆਈ ਬਠਿੰਡਾ ਦਾ ਸਕੱਤਰ ਚੁਣ ਲਿਆ ਗਿਆ। ਜ਼ਿਲ੍ਹਾ ਕੌਂਸਲ ਲਈ ਚੁਣੇ ਜਾਣ ਵਾਲਿਆਂ ਵਿੱਚ ਬਲਕਰਨ ਬਰਾੜ ਤੋਂ ਇਲਾਵਾ ਜਸਬੀਰ ਕੌਰ ਸਰਾਂ, ਕਾਕਾ ਸਿੰਘ ਬਠਿੰਡਾ, ਹਰਨੇਕ ਸਿੰਘ ਆਲੀਕੇ, ਸੁਰਜੀਤ ਸਰਦਾਰਗੜ੍ਹ, ਜੀਤਾ ਸਿੰਘ ਪਿੱਥੋ, ਜਰਨੈਲ ਯਾਤਰੀ, ਜਸਵਿੰਦਰ ਸਿੰਘ ਭਾਈ ਰੂਪਾ, ਮੱਖਣ ਸਿੰਘ ਜੋਧਪੁਰ, ਤੇਜ ਸਿੰਘ ਵਿਰਕ ਕਲਾਂ, ਰਾਜਾ ਸਿੰਘ ਦਾਨ ਸਿੰਘ ਵਾਲਾ, ਰੂਪ ਸਿੰਘ ਭਾਈ ਬਖਤੌਰ, ਕਾਕਾ ਸਿੰਘ ਮੁਹਾਲਾਂ, ਰਣਜੀਤ ਮਹਿਰਾਜ, ਪਰਮਜੀਤ ਸਿੰਘ, ਚੰਦ ਸਿੰਘ ਬੰਗੀ, ਕਾਲਾ ਸਿੰਘ ਦਿਆਲਪੁਰਾ ਅਤੇ ਗੁਰਮੀਤ ਕੌਰ ਦੇ ਨਾਂਅ ਵਰਨਣਯੋਗ ਹਨ, ਜਦੋਂ ਕਿ ਕੁਝ ਸੀਟਾਂ ਨੂੰ ਖਾਲੀ ਵੀ ਰੱਖਿਆ ਗਿਆ ਹੈ।