ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਅਮਰੀਕਨ ਸਾਮਰਾਜ ਦੀ ਸਿੱਧੀ ਹਮਾਇਤ ਨਾਲ ਇਜ਼ਰਾਈਲੀ ਜੰਗਬਾਜ਼ਾਂ ਵੱਲੋਂ ਨਸਲਘਾਤ ਦੀ ਨੀਤੀ ਤਹਿਤ ਪਿਛਲੇ ਡੇਢ ਸਾਲ ਦੌਰਾਨ 55,000 ਤੋਂ ਵੱਧ ਫਲਸਤੀਨੀ ਲੋਕਾਂ ਨੂੰ ਮਾਰ ਮੁਕਾਉਣ ਤੋਂ ਬਾਅਦ ਹੁਣ ਸ਼ੁੱਕਰਵਾਰ ਤੜਕਸਾਰ ਈਰਾਨ ਦੇ ਅਨੇਕ ਸ਼ਹਿਰਾਂ ਤੇ ਪ੍ਰਮਾਣੂ ਪਲਾਂਟ ’ਤੇ ਜ਼ਬਰਦਸਤ ਹਮਲਾ ਕਰਨ ਨਾਲ ਸੰਸਾਰ ਅਮਨ ਅਤੇ ਖਾਸ ਕਰਕੇ ਮੱਧ-ਪੂਰਬ ਦੇ ਖਿੱਤੇ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੀ ਕੌਮੀ ਕੌਂਸਲ ਮੈਂਬਰ ਹਰਦੇਵ ਅਰਸ਼ੀ ਨੇ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸੁਖਦਰਸ਼ਨ ਰਾਮ ਸ਼ਰਮਾ ਔਲਖ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਸ਼ੁਰੂ ਵਿੱਚ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿੱਚ ਮਾਰੇ ਗਏ 275 ਮੁਸਾਫ਼ਰਾਂ ਅਤੇ ਹੋਰਨਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੂਜੇ ਸ਼ੋਕ ਮਤੇ ਵਿੱਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਸੈਕਟਰੀ ‘ਨਵਾਂ ਜ਼ਮਾਨਾ’ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਕਾਮਰੇਡ ਅਰਸ਼ੀ ਨੇ ਮੋਦੀ ਸਰਕਾਰ ਦੀ ਇਜ਼ਰਾਈਲ ਪ੍ਰਤੀ ਉਲਾਰ ਵਿਦੇਸ਼ ਨੀਤੀ ਦੀ ਨੁਕਤਾਚੀਨੀ ਕਰਦੇ ਹੋਏ ਭਾਰਤ ਦੀ ਫਲਸਤੀਨ ਅਤੇ ਈਰਾਨ ਦੇ ਹੱਕ ਵਿੱਚ ਖੜੇ ਹੋਣ ਦੀ ਪੁਰਾਣੀ ਨੀਤੀ ’ਤੇ ਮਜ਼ਬੂਤੀ ਨਾਲ ਕਾਇਮ ਰਹਿਣ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਪਿਛਲੇ ਦਿਨੀਂ 7 ਜੂਨ ਨੂੰ ਪਿੰਡ ਔਲਖ ਵਿੱਚ ਕਾਮਰੇਡ ਅਮੋਲਕ ਸਿੰਘ ਅਤੇ ਉਸ ਦੇ ਨਾਲ ਸ਼ਹੀਦ ਹੋਏ ਛੇ ਸਾਥੀਆਂ ਦੀ 34ਵੀਂ ਬਰਸੀ ਦੀ ਸਫਲਤਾ ਲਈ ਜ਼ਿਲ੍ਹੇ ਦੇ ਸਾਰੇ ਮੈਂਬਰਾਂ ਖਾਸ ਕਰਕੇ ਔਲਖ ਬ੍ਰਾਂਚ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਅਰਸ਼ੀ ਨੇ ਪਾਰਟੀ ਦੇ ਸਤੰਬਰ ਦੇ ਮਹੀਨੇ ਚੰਡੀਗੜ੍ਹ ਵਿੱਚ ਹੋਣ ਜਾ ਰਹੇ 25ਵੇਂ ਆਲ ਇੰਡੀਆ ਮਹਾਂ-ਸੰਮੇਲਨ ਦੀ ਤਿਆਰੀ ਸੰਬੰਧੀ ਕੋਈ ਕਸਰ ਬਾਕੀ ਨਾ ਛੱਡਣ ਲਈ ਸਾਰੇ ਪਾਰਟੀ ਮੈਂਬਰਾਂ ਅਤੇ ਹਮਦਰਦ ਸੱਜਣਾਂ ਨੂੰ ਅਪੀਲ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਯੋਜਨਾਬੱਧ ਢੰਗ ਨਾਲ ਮੁਹਿੰਮ ਚਲਾ ਕੇ ਇੱਕ ਲੱਖ ਰੁਪਏ ਦੀ ਸਹਾਇਤਾ ਪਾਰਟੀ ਨੂੰ ਭੇਜਣ ਦਾ ਨਿਸ਼ਚਾ ਪ੍ਰਗਟ ਕੀਤਾ।ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵੱਲੋਂ 25ਵੀਂ ਪਾਰਟੀ ਕਾਂਗਰਸ ਲਈ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਭੇਜੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਦਾ 51,000 ਰੁਪਏ ਦਾ ਯੋਗਦਾਨ ਸ਼ਾਮਿਲ ਹੈ। ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ ਭੇਜੀ ਗਈ ਮਦਦ ਇਸ ਤੋਂ ਵੱਖਰੀ ਹੈ।
ਮੀਟਿੰਗ ਨੂੰ ਕਾਰਜਕਾਰੀ ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਹਰਪਾਲ ਸਿੰਘ ਮਚਾਕੀ, ਸ਼ਾਮ ਸੁੰਦਰ ਫਰੀਦਕੋਟ, ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ ਨੇ ਵੀ ਸੰਬੋਧਨ ਕੀਤਾ।ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਫੈਸਲਾ ਕੀਤਾ ਗਿਆ ਕਿ 17 ਜੂਨ ਨੂੰ ਫਰੀਦਕੋਟ ਵਿਖੇ ਇਜ਼ਰਾਈਲੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਨੱਥੇਵਾਲਾ, ਇੰਦਰਜੀਤ ਸਿੰਘ ਗਿੱਲ, ਵੀਰ ਸਿੰਘ ਕੰਮੇਆਣਾ, ਬੋਹੜ ਸਿੰਘ ਔਲਖ, ਗੁਰਦੀਪ ਸਿੰਘ ਭੋਲਾ, ਹਰਮੀਤ ਸਿੰਘ, ਮੁਖਤਿਆਰ ਸਿੰਘ ਭਾਣਾ, ਉਤਮ ਸਿੰਘ ਸਾਦਿਕ, ਜਗਤਾਰ ਸਿੰਘ ਰਾਜੋਵਾਲਾ ਅਤੇ ਪ੍ਰਦੀਪ ਸਿੰਘ ਬਰਾੜ ਆਦਿ ਹਾਜ਼ਰ ਸਨ।





