ਰੁਦਰਪ੍ਰਯਾਗ : ਉੱਤਰਾਖੰਡ ਵਿੱਚ ਐਤਵਾਰ ਤੜਕੇ ਕੇਦਾਰਨਾਥ ਮੰਦਰ ਨੇੜੇ ਹੈਲੀਕਾਪਟਰ ਕਰੈਸ਼ ਹੋਣ ਨਾਲ ਪਾਇਲਟ ਤੇ ਦੋ ਸਾਲ ਦੀ ਬੱਚੀ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ’ਚ ਪੰਜ ਸ਼ਰਧਾਲੂ, ਪਾਇਲਟ ਤੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦਾ ਮੁਲਾਜ਼ਮ ਸ਼ਾਮਲ ਹਨ। ਹੈਲੀਕਾਪਟਰ ਨੇ ਕੇਦਾਰਨਾਥ ਤੋਂ ਗੁਪਤਕਾਸ਼ੀ ਲਈ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਡਾਣ ਭਰੀ ਸੀ ਤੇ ਕੁਝ ਮਿੰਟਾਂ ਬਾਅਦ ਕਰੈਸ਼ ਹੋ ਗਿਆ। ਹੈਲੀਕਾਪਟਰ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ ਤੇ ਕੇਦਾਰਘਾਟੀ ਵਿੱਚ ਗੌਰੀਕੁੰਡ ਤੇ ਤਿ੍ਰਜੁਗੀਨਰਾਇਣ ਦਰਮਿਆਨ ਕਰੈਸ਼ ਹੋਇਆ। ਡਿੱਗਣ ਸਾਰ ਹੈਲੀਕਾਪਟਰ ਨੂੰ ਅੱਗ ਲੱਗ ਗਈ। ਖਰਾਬ ਮੌਸਮ ਕਰਕੇ ਦਿਸਣ ਹੱਦ ਬਿਲਕੁਲ ਸਿਫਰ ਸੀ, ਜਿਸ ਕਰਕੇ ਹਾਦਸਾ ਹੋਇਆ। ਹੈਲੀਕਾਪਟਰ ’ਤੇ ਸਵਾਰ ਲੋਕਾਂ ’ਚ ਮਹਾਰਾਸ਼ਟਰ ਤੋਂ ਸ਼ਰਧਾ ਰਾਜਕੁਮਾਰ ਜੈਸਵਾਲ (35) ਤੇ ਕਾਸ਼ੀ (2), ਗੁਜਰਾਤ ਤੋਂ ਰਾਜਕੁਮਾਰ ਸੁਰੇਸ਼ ਜੈਸਵਾਲ (41), ਉਤਰਾਖੰਡ ਤੋਂ ਵਿਕਰਮ ਸਿੰਘ ਰਾਵਤ, ਯੂ ਪੀ ਦੀ ਵਿਨੂਦ ਦੇਵੀ (66) ਤੇ ਤੁਸ਼ਤੀ ਸਿੰਘ (19) ਅਤੇ ਪਾਇਲਟ ਕੈਪਟਨ ਰਾਜਵੀਰ ਸਿੰਘ ਚੌਹਾਨ ਸ਼ਾਮਲ ਸਨ। ਚੌਹਾਨ ਸਾਬਕਾ ਫੌਜੀ ਸੀ, ਜਿਸ ਨੇ ਭਾਰਤੀ ਥਲ ਸੈਨਾ ’ਚ 15 ਸਾਲ ਤੋਂ ਵੱਧ ਸਮਾਂ ਸੇਵਾ ਕੀਤੀ ਸੀ। ਪਾਇਲਟ ਚੌਹਾਨ ਜੈਪੁਰ ’ਚ ਆਪਣੇ ਪਰਵਾਰ ਤੇ ਚਾਰ ਮਹੀਨਿਆਂ ਦੇ ਜੌੜੇ ਬੱਚਿਆਂ ਨਾਲ ਸਮਾਂ ਗੁਜ਼ਾਰ ਕੇ 20 ਦਿਨ ਪਹਿਲਾਂ ਹੀ ਕੰਮ ’ਤੇ ਪਰਤਿਆ ਸੀ। ਉਸ ਦੇ ਪਿਤਾ ਗੋਵਿੰਦ ਚੌਹਾਨ ਨੇ ਦੱਸਿਆ ਕਿ ਉਸ ਨੇ ਬੱਚਿਆਂ ਦੀ ਖੁਸ਼ੀ ਵਿੱਚ 30 ਜੂਨ ਨੂੰ ਰਵਾਇਤੀ ਰਾਜਸਥਾਨੀ ਸਮਾਗਮ (ਜਵਾਲਾ ਪੂਜਨ) ਕਰਨ ਦੀ ਯੋਜਨਾ ਬਣਾਈ ਸੀ। ਉਸ ਦੇ ਵਿਆਹ ਦੇ 14 ਸਾਲ ਬਾਅਦ ਬੱਚੇ ਪੈਦਾ ਹੋਏ ਸਨ। ਉਹ ਦੇਹਰਾਦੂਨ ਦੀ ਹੈਲੀਕਾਪਟਰ ਕੰਪਨੀ ਵਿੱਚ ਪਿਛਲੇ ਸਾਲ ਅਕਤੂਬਰ ’ਚ ਨੌਕਰੀ ’ਤੇ ਲੱਗਾ ਸੀ। ਇਸ ਤੋਂ ਪਹਿਲਾਂ 8 ਮਈ ਨੂੰ ਗੰਗੋਤਰੀ ਧਾਮ ਜਾ ਰਿਹਾ ਹੈਲੀਕਾਪਟਰ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ।
7 ਜੂਨ ਨੂੰ ਕੇਦਾਰਨਾਥ ਜਾ ਰਹੇ ਹੈਲੀਕਾਪਟਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਖਰਾਬੀ ਕਾਰਨ ਸੜਕ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ, ਜਿਸ ਵਿੱਚ ਪਾਇਲਟ ਜ਼ਖਮੀ ਹੋ ਗਿਆ ਸੀ, ਪਰ ਪੰਜ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਸੀ।





