ਮੰਡ ਮੌੜ (ਰਾਜੇਸ਼ ਥਾਪਾ)
ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਪਿ੍ਰੰਟਰ, ਪਬਲਿਸ਼ਰ ਤੇ ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਜਿਹੜੇ 5 ਜੂਨ ਨੂੰ ਨਿਊ ਯਾਰਕ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ਵਿਚ ਐਤਵਾਰ ਪਿੰਡ ਮੰਡ ਮੌੜ ਵਿਖੇ ਭਾਰੀ ਇਕੱਠ ਜੁੜਿਆ, ਜਿਸ ਨੂੰ ਸ਼ੁਗਲੀ ਪਰਵਾਰ ਨੇ ‘ਜ਼ਿੰਦਗੀ ਦਾ ਜਸ਼ਨ’ ਨਾਂਅ ਦਿੱਤਾ। ਇਸੇ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੁਗਲੀ ਹੁਰਾਂ ਦੇ ਸਨੇਹੀਆਂ ਨੇ ਇਸ ਗੈਰ-ਧਾਰਮਕ ਇਕੱਠ ਵਿਚ ਸ਼ਿਰਕਤ ਕੀਤੀ। ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਸ਼ੁਗਲੀ ਸਾਬ੍ਹ ਵੱਲੋਂ ਪਾਏ ਵੱਡੇ ਯੋਗਦਾਨ ਨੂੰ ਉਭਾਰਦੇ ਹੋਏ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਉਨ੍ਹਾ ਦੇ ਜਾਣ ਨਾਲ ਸਾਡੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਮਾਰਕਸੀ ਚਿੰਤਕ ਜਗਰੂਪ ਨੇ ਕਿਹਾ ਕਿ ਦੁਆਬੇ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਅਤੇ ਉਨ੍ਹਾ ਵੱਲੋਂ ਆਯੋਜਿਤ ਹੋਰ ਸਰਗਰਮੀਆਂ ਲਈ ਸ਼ੁਗਲੀ ਸਾਬ੍ਹ ਇਕ ਮਜ਼ਬੂਤ ਥੰਮ੍ਹ ਵਾਂਗ ਸਨ। ਮੰਗਤ ਰਾਮ ਪਾਸਲਾ ਦਾ ਮੱਤ ਸੀ ਕਿ ਇਨ੍ਹਾਂ ਔਖਿਆਂ ਵੇਲਿਆਂ ਵਿਚ ਜਦੋਂ ਖੱਬੀਆਂ ਪਾਰਟੀਆਂ ਨੂੰ ਆਪਣੀਆਂ ਸਫਾਂ ਨੂੰ ਮੋਕਲਾ ਕਰਨ ਦੀ ਲੋੜ ਹੈ, ਉਦੋਂ ਇਹੋ ਜਿਹੇ ਸਿਰਕੱਢ ਸਾਥੀ ਦਾ ਚਲੇ ਜਾਣਾ ਵੱਡੇ ਘਾਟੇ ਵਾਲੀ ਗੱਲ ਹੈ। ਸਤਨਾਮ ਚਾਨਾ ਨੇ ਸ਼ੁਗਲੀ ਸਾਬ੍ਹ ਵੱਲੋਂ ਲਿਖੀਆਂ ਗਈਆਂ ਛੇ ਕਿਤਾਬਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਉਨ੍ਹਾ ਨਾਲ ਦਹਾਕਿਆਂਬੱਧੀ ਯਾਰੀ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਸ਼ੁਗਲੀ ਸਾਬ੍ਹ ਲੰਮੇ ਸਮੇਂ ਤੋਂ ਪਾਰਟੀ ਦੀਆਂ ਜਲੰਧਰ ਜ਼ਿਲੇ੍ਹ ਵਿਚ ਸਰਗਰਮੀਆਂ ਦੇ ਆਗੂ ਰਹੇ ਅਤੇ ਸਾਰੇ ਉਤਰਾਵਾਂ- ਚੜ੍ਹਾਵਾਂ ਦੌਰਾਨ ਉਹ ਨਾ ਸਿਰਫ ਅਡੋਲ ਰਹੇ, ਬਲਕਿ ਬੜੇ ਰੌਸ਼ਨ ਮੱਥੇ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਬਾਕੀ ਕਾਮਰੇਡਾਂ ਅਤੇ ਆਮ ਲੋਕਾਂ ਤੱਕ ਲਿਜਾਂਦੇ ਰਹੇ। ਸਾਬਕਾ ਐੱਮ ਐੱਲ ਏ ਹਰਦੇਵ ਅਰਸ਼ੀ ਨੇ ਕਿਹਾ ਕਿ ਅਜੋਕੇ ਔਖੇ ਸਮਿਆਂ ਵਿਚ ਜਦੋਂ ਭਾਜਪਾ ਸਰਕਾਰ ਕਮਿਊਨਿਸਟਾਂ ਨੂੰ ਹਰ ਆਨੇ-ਬਹਾਨੇ ਨਿਸ਼ਾਨਾ ਬਣਾ ਰਹੀ ਹੈ, ਉਦੋਂ ਲਗਾਤਾਰ ਅਖਬਾਰ ਵਿਚ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਸੌਖਾ ਕੰਮ ਨਹੀਂ, ਜਿਹੜਾ ਨਾ ਸਿਰਫ ਸ਼ੁਗਲੀ ਸਾਬ੍ਹ ਆਪਣੇ ਕਾਲਮਾਂ ਵਿਚ ਨਿਰਵਿਘਨ ਕਰ ਰਹੇ ਸਨ, ਬਲਕਿ ਹੋਰਨਾਂ ਲੇਖਕਾਂ ਅਤੇ ਕਾਲਮ ਨਵੀਸਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕਰਦੇ ਸਨ। ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਜਲੰਧਰ ਜ਼ਿਲ੍ਹਾ ਕਚਹਿਰੀਆਂ ਵਿਚ ਸ਼ੁਗਲੀ ਸਾਬ੍ਹ ਤੋਂ ਸੀਨੀਅਰ ਹੋਰ ਸੈਂਕੜੇ ਵਕੀਲ ਹੋਣਗੇ, ਪਰ ਜਿਹੜਾ ਇੱਜ਼ਤ-ਮਾਣ ਉਹਨਾ ਨੂੰ ਓਥੇ ਮਿਲਦਾ ਸੀ, ਉਹ ਆਪਣੇ ਆਪ ਵਿਚ ਸਭ ਪਦਵੀਆਂ ਤੋਂ ਉਪਰ ਸੀ। ਇਹ ਉਹ ਵਕੀਲ ਸਨ, ਜਿਨ੍ਹਾ ਕਦੇ ਵੀ ਕਿਸੇ ਕਲਾਇੰਟ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਜਿਥੇ ਕਿਤੇ ਰਾਜ਼ੀਨਾਮਾ ਹੋ ਸਕਦਾ ਸੀ, ਕਰਵਾਇਆ। ਅਸੂਲਾਂ ਦੇ ਏਨੇ ਪੱਕੇ ਕਿ ਕਈ ਵਾਰ ਜੱਜਾਂ ਮੂਹਰੇ ਅੜ ਕੇ ਖੜੋਣ ਤੋਂ ਵੀ ਨਾ ਕਤਰਾਉਂਦੇ। ‘ਨਵਾਂ ਜ਼ਮਾਨਾ’ ਦੇ ਮੈਨੇਜਰ ਗੁਰਮੀਤ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਗਲੀ ਸਾਬ੍ਹ ਨੇ ਜਿਵੇਂ ਟਰੱਸਟ ਦੇ ਸਕੱਤਰ ਦੇ ਤੌਰ ’ਤੇ ‘ਨਵਾਂ ਜ਼ਮਾਨਾ’ ਵਿਚ ਕਈ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ, ਉਹਨਾ ਦਾ ਕੋਈ ਬਦਲ ਲੱਭਣਾ ਸੌਖਾ ਨਹੀਂ ਹੋਵੇਗਾ।
ਇਨ੍ਹਾਂ ਵਕਤਿਆਂ ਤੋਂ ਇਲਾਵਾ ਆਦਮਪੁਰ ਹਲਕੇ ਤੋਂ ਐੱਮ ਐੱਲ ਏ ਸੁਖਵਿੰਦਰ ਕੋਟਲੀ, ਉੱਘੇ ਪੱਤਰਕਾਰ ਸਤਨਾਮ ਮਾਣਕ, ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਾਜਿੰਦਰ ਸਿੰਘ, ਇਸਤਰੀ ਸਭਾ ਪੰਜਾਬ ਦੀ ਆਗੂ ਨਰਿੰਦਰ ਸੋਹਲ, ਦੇਸ਼ ਭਗਤ ਯਾਦਗਾਰ ਹਾਲ ਦੇ ਜਨਰਲ ਸਕੱਤਰ ਪਿਰਥੀਪਾਲ ਮਾੜੀਮੇਘਾ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਅਮੋਲਕ ਸਿੰਘ, ਖੇਤ ਮਜ਼ਦੂਰ ਸਭਾ ਦੀ ਆਗੂ ਦੇਵੀ ਕੁਮਾਰੀ, ਡੀ ਬੀ ਏ ਦੇ ਮੌਜੂਦਾ ਪ੍ਰਧਾਨ ਅਦਿਤਿਆ ਜੈਨ, ਸਾਬਕਾ ਪ੍ਰਧਾਨ ਨਰਿੰਦਰ ਸਿੰਘ, ਬੀ ਐੱਸ ਪੀ ਆਗੂ ਬਲਵਿੰਦਰ ਕੁਮਾਰ ਅਤੇ ਰਛਪਾਲ ਕੈਲੇ ਨੇ ਆਪਣੇ-ਆਪਣੇ ਖੇਤਰਾਂ ਅਤੇ ਸਾਥੀਆਂ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ।
ਸਮਾਗਮ ’ਚ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬੜਾਪਿੰਡ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਸੁਕੀਰਤ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ, ਆਮ ਆਦਮੀ ਪਾਰਟੀ ਦੇ ਆਗੂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਇਲਾਕੇ ਦੇ ਸਰਪੰਚ, ਨੰਬਰਦਾਰ, ਅਧਿਆਪਕ, ਪੈਨਸ਼ਨਰਜ਼ ਯੂਨੀਅਨ, ਏਟਕ ਅਤੇ ਅਨੇਕਾਂ ਡਾਕਟਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੇ ਅਖੀਰ ਵਿਚ ਜਸ ਮੰਡ ਨੇ ਧੰਨਵਾਦ ਦੇ ਲਫਜ਼ ਆਖੇ।
ਸ਼ੁਗਲੀ ਸਾਬ੍ਹ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਅਤੇ ਉਨ੍ਹਾ ਦੇ ਸਪੁੱਤਰ ਐਡਵੋਕੇਟ ਰਾਜਿੰਦਰ ਮੰਡ ਨੇ ਸ਼ੁਗਲੀ ਸਾਬ੍ਹ ਦੀ ਯਾਦ ਵਿਚ ਵੱਖ-ਵੱਖ ਅਦਾਰਿਆਂ ਨੂੰ ਮਾਇਆ ਭੇਟ ਕੀਤੀ। ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਵਰਨ ਸਿੰਘ ਟਹਿਣਾ ਨੇ ਨਿਭਾਈ।





