ਦੁਬਈ : ਇਜ਼ਰਾਈਲ ਨੇ ਐਤਵਾਰ ਈਰਾਨ ਦੀ ਊਰਜਾ ਇੰਡਸਟਰੀ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਦੋਂਕਿ ਤਹਿਰਾਨ ਨੇ ਘਾਤਕ ਹਮਲਿਆਂ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ। ਇਕੋ ਵੇਲੇ ਹੋਏ ਇਹ ਹਮਲੇ ਦੋ ਦਿਨ ਪਹਿਲਾਂ ਇਜ਼ਰਾਈਲ ਵੱਲੋਂ ਈਰਾਨ ਦੇ ਤੇਜ਼ੀ ਨਾਲ ਵਧਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੇ ਮੰਤਵ ਨਾਲ ਕੀਤੇ ਗਏ ਹਮਲੇ ਮਗਰੋਂ ਹਿੰਸਾ ਦਾ ਨਵਾਂ ਦੌਰ ਹੈ। ਇਜ਼ਰਾਈਲ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਵੱਲੋਂ ਕੀਤੇ ਹਮਲਿਆਂ ਨਾਲ ਦੇਸ਼-ਭਰ ਵਿਚ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ ਗੈਲਿਲੀ ਖੇਤਰ ਵਿੱਚ ਇਕ ਅਪਾਰਟਮੈਂਟ ਦੀ ਇਮਾਰਤ ’ਚ ਹੋਈਆਂ ਚਾਰ ਮੌਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮੱਧ ਇਜ਼ਰਾਈਲ ਵਿੱਚ ਹੋਏ ਹਮਲੇ ਵਿਚ 80 ਤੇ 69 ਸਾਲ ਦੀਆਂ ਦੋ ਮਹਿਲਾਵਾਂ ਤੇ 10 ਸਾਲਾ ਮੁੰਡੇ ਦੀ ਮੌਤ ਹੋ ਗਈ। ਉਧਰ ਈਰਾਨ ਵਿਚ ਮੌਤਾਂ ਦੀ ਗਿਣਤੀ ਨੂੰ ਲੈ ਕੇ ਫੌਰੀ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ, ਜਿੱਥੇ ਇਜ਼ਰਾਈਲ ਨੇ ਤਹਿਰਾਨ ਵਿਚ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਦੇ ਨਾਲ ਉਨ੍ਹਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ, ਜੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਹਨ।
ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਈਰਾਨੀ ਮਿਜ਼ਾਈਲਾਂ ਨੇ ਇਜ਼ਰਾਈਲੀ ਲੜਾਕੂ ਜਹਾਜ਼ਾਂ ਲਈ ਈਂਧਣ ਪ੍ਰੋਡਕਸ਼ਨ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਹਾਲਾਂਕਿ ਈਰਾਨ ਦੇ ਇਸ ਦਾਅਵੇ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦਰਮਿਆਨ ਈਰਾਨ ਤੇ ਅਮਰੀਕਾ ਵਿਚਕਾਰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੋਜਨਾਬੱਧ ਗੱਲਬਾਤ ਰੱਦ ਕਰ ਦਿੱਤੀ ਗਈ, ਜਿਸ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਕਿ ਲੜਾਈ ਦਾ ਅੰਤ ਕਦੋਂ ਅਤੇ ਕਿਵੇਂ ਹੋ ਸਕਦਾ ਹੈ।
ਇਸੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਕਚੀ ਨੇ ਕਿਹਾ ਹੈ ਕਿ ਉਨ੍ਹਾ ਦਾ ਦੇਸ਼ ਇਜ਼ਰਾਈਲ ਨਾਲ ਟਕਰਾਅ ਨੂੰ ਗੁਆਂਢੀ ਦੇਸ਼ਾਂ ਤੱਕ ਨਹੀਂ ਵਧਾਉਣਾ ਚਾਹੁੰਦਾ, ਬਸ਼ਰਤੇ ਕਿ ਉਸ ਨੂੰ ਮਜਬੂਰ ਨਾ ਕੀਤਾ ਜਾਵੇ। ਈਰਾਨ ਨੇ ਇਜ਼ਰਾਈਲ ਵਿਰੁੱਧ ਕਾਰਵਾਈ ਸਵੈ-ਰੱਖਿਆ ਵਿੱਚ ਕੀਤੀ ਹੈ। ਹਮਲੇ ਰੁਕੇ ਤਾਂ ਉਹ ਵੀ ਰੋਕ ਦੇਵੇਗਾ।
ਈਰਾਨੀ ਵਿਦੇਸ਼ ਮੰਤਰੀ ਨੇ ਇਹ ਅਹਿਮ ਗੱਲ ਵੀ ਕਹੀ ਹੈ ਕਿ ਇਜ਼ਰਾਈਲ ਨੇ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਪ੍ਰਮਾਣੂ ਗੱਲਬਾਤ ਨੂੰ ਸਾਬੋਤਾਜ ਕਰਨ ਲਈ ਹਮਲੇ ਕੀਤੇ। ਗੱਲਬਾਤ ਦੇ ਛੇਵੇਂ ਗੇੜ ’ਚ ਈਰਾਨ ਨੇ ਐਤਵਾਰ ਕੁਝ ਤਜਵੀਜ਼ਾਂ ਪੇਸ਼ ਕਰਨੀਆਂ ਸਨ, ਪਰ ਇਜ਼ਰਾਈਲੀ ਹਮਲੇ ਕਾਰਨ ਗੱਲਬਾਤ ਰੱਦ ਕਰਨੀ ਪਈ। ਉਨ੍ਹਾ ਕਿਹਾ ਕਿ ਅਮਰੀਕਾ ਇਜ਼ਰਾਈਲੀ ਹਮਲੇ ਦੀ ਨਿੰਦਾ ਕਰੇ, ਕਿਉਕਿ ਉਸ ਦੀ ਹਰੀ ਝੰਡੀ ਤੇ ਹਮਾਇਤ ਤੋਂ ਬਿਨਾਂ ਇਹ ਹਮਲਾ ਨਹੀਂ ਹੋ ਸਕਦਾ ਸੀ। ਈਰਾਨ ਅਮਰੀਕਾ ਦੇ ਇਸ ਬਿਆਨ ’ਤੇ ਭਰੋਸਾ ਨਹੀਂ ਕਰਦਾ ਕਿ ਉਹ ਹਮਲਿਆਂ ਵਿੱਚ ਸ਼ਾਮਲ ਨਹੀਂ। ਜੇ ਅਮਰੀਕਾ ਸਦਭਾਵਨਾ ਸਾਬਤ ਕਰਨਾ ਚਾਹੁੰਦਾ ਹੈ ਤਾਂ ਪ੍ਰਮਾਣੂ ਟਿਕਾਣਿਆਂ ’ਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕਰੇ।
ਉਧਰ, ਜਰਮਨ ਵਿਦੇਸ਼ ਮੰਤਰੀ ਜੌਹਨ ਵਾਡੇਫੁਲ ਨੇ ਕਿਹਾ ਹੈ ਕਿ ਜਰਮਨੀ ਅਤੇ ਫਰਾਂਸ ਤੇ ਬਿ੍ਰਟੇਨ ਮੱਧ-ਪੂਰਬ ਵਿੱਚ ਸਥਿਤੀ ਵਿਗੜਨੋਂ ਰੋਕਣ ਲਈ ਈਰਾਨ ਨਾਲ ਫੌਰੀ ਪ੍ਰਮਾਣੂ ਗੱਲਬਾਤ ਕਰਨ ਲਈ ਤਿਆਰ ਹਨ।



