ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਮੁੱਖ ਬੁਲਾਰਿਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਉਤਮ ਸਿੰਘ ਬਾਗੜੀ ਵੱਲੋਂ ਸੋਮਵਾਰ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਪੀ ਆਰ ਟੀ ਸੀ ਦੇ ਸਾਰੇ ਡਿਪੂਆਂ ਦੇ ਕਰਮਚਾਰੀ, ਪੈਨਸ਼ਨਰ ਅਤੇ ਠੇਕਾ ਕਰਮਚਾਰੀ 18 ਜੂਨ ਨੂੰ ਪਟਿਆਲਾ ਵਿਖੇ ਨਵੇਂ ਬੱਸ ਸਟੈਂਡ ’ਤੇ ਤਨਖਾਹਾਂ ਅਤੇ ਪੈਨਸ਼ਨਾਂ ਅਜੇ ਤੱਕ ਨਾ ਮਿਲਣ ਦੇ ਵਿਰੋਧ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ ਅਤੇ ਰੈਲੀ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜਣਗੇ। ਜਿੱਥੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਵਰਕਰਾਂ ਨੂੰ ਸੈਂਕੜੇ ਕਰੋੜਾਂ ਰੁਪਏ ਦੇ ਹੋਰ ਬਕਾਏ ਤਾਂ ਕੀ ਦੇਣੇ ਸਨ, ਤਨਖਾਹ ਅਤੇ ਪੈਨਸ਼ਨ ਵੀ ਸਮੇਂ ਸਿਰ ਨਾ ਦੇ ਕੇ 10000 ਟੱਬਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਵਿੱਚ ਫਸਾ ਦਿੱਤੇ ਜਾਣ ਦੇ ਸਮੁੱਚੇ ਕਾਰਨਾਂ ਅਤੇ ਸਰਕਾਰ ਦੀ ਮਜ਼ਦੂਰ ਵਿਰੋਧੀ ਬੇਹੱਦ ਨਿੰਦਣਯੋਗ ਨੀਤੀ ਦੇ ਕਾਰਨਾਂ ਦਾ ਖੁਲਾਸਾ ਵੀ ਕੀਤਾ ਜਾਵੇਗਾ। ਸਰਕਾਰ ਵੱਲੋਂ ਪੀ ਆਰ ਟੀ ਸੀ ਨੂੰ ਮੁਫ਼ਤ ਸਫਰ ਸਹੂਲਤਾਂ ਦੀ 600 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਰਕਮ ਦੀ ਅਦਾਇਗੀ ਕਰਨ ਦੇ ਰਾਹ ਵਿੱਚ ਰੋੜੇ ਅਟਕਾਉਣ ਵਾਲੀ ਅਫਸਰਸ਼ਾਹੀ ਗੈਰ-ਸੰਵੇਦਨਸ਼ੀਲ ਲਾਲ ਫੀਤਾਸ਼ਾਹੀ ਦੇ ਪੁਤਲੇ ਵੀ ਸਾੜੇ ਜਾਣਗੇ।
ਆਗੂਆਂ ਦੱਸਿਆ ਕਿ ਕਰਮਚਾਰੀਆਂ ਨੂੰ 16 ਤਰੀਕ ਤੱਕ ਵੀ ਤਨਖਾਹਪੈਨਸ਼ਨ ਮਿਲਣ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਅਤੇ ਨਾ ਹੀ ਮੈਨੇਜਮੈਂਟ ਵੱਲੋਂ ਕੋਈ ਵਾਜਬ ਕਾਰਨ ਦੱਸਣ ਦੀ ਲੋੜ ਸਮਝੀ ਗਈ। ਕਰਮਚਾਰੀਆਂ ਨੂੰ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਦੇਣਦਾਰੀਆਂ ਕਾਰਨ ਜ਼ਲੀਲ ਹੋਣਾ ਪੈ ਰਿਹਾ ਹੈ। ਲੋਨ ਕਿਸ਼ਤਾਂ, ਬੱਚਿਆਂ ਦੇ ਸਕੂਲਾਂ ਦੇ ਖਰਚੇ, ਰਸੋਈ ਖਰਚੇ, ਵਹੀਕਲਾਂ ਦੇ ਖਰਚੇ, ਹੋਰ ਸਮਾਜਿਕ ਲੋੜਾਂ ਦੇ ਖਰਚੇ ਅਤੇ ਮੈਡੀਕਲ ਖਰਚਿਆਂ ਕਾਰਨ ਵਰਕਰਾਂ ਵਿੱਚ ਹਾਹਾਕਾਰ ਮਚੀ ਪਈ ਹੈ। ਆਗੂਆਂ ਕਿਹਾ ਕਿ ਵਰਕਰਾਂ ਦੀਆਂ ਹੋਰ ਕਾਨੂੰਨੀ ਮੰਗਾਂ, ਜਿਵੇਂ ਕਿ ਤਰੱਕੀਆਂ, ਐੱਲ ਟੀ ਸੀ, ਐੱਨ ਪੀ ਐੱਸ, ਵਿੱਤੀ ਬਕਾਏ, ਪੇ ਕਮਿਸ਼ਨ ਦੇ ਬਕਾਏ, ਨਵੀਂਆਂ ਬੱਸਾਂ ਦਾ ਨਾ ਪਾਏ ਜਾਣਾ, ਠੇਕਾ ਕਰਮਚਾਰੀਆਂ ਦਾ ਕੋਈ ਮਸਲਾ ਹੱਲ ਨਾ ਕਰਨਾ, ਅਡਵਾਂਸ ਬੁਕਰਜ਼ ਦੇ ਕਮਿਸ਼ਨ ਵਿੱਚ ਵਾਧਾ ਕਰਨਾ ਆਦਿ ਵੀ ਲਮਕ ਅਵਸਥਾ ਵਿੱਚ ਧੱਕ ਕੇ ਰੱਖੀਆਂ ਹੋਈਆਂ ਹਨ। ਉਹਨਾਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਜ਼ੋਰ ਦੇ ਕੇ ਕਿਹਾ ਕਿ ਕਾਨੂੰਨਾਂ ਦਾ ਸਤਿਕਾਰ ਕਰੋ, ਵਰਕਰਾਂ ਦੇ ਹੱਕਾਂ ’ਤੇ ਛਾਪੇ ਨਾ ਮਾਰੋ ਤੇ ਅਦਾਰੇ ਅੰਦਰ ਸੁਖਾਵਾਂ ਮਾਹੌਲ ਬਣਾਉਣਾ ਯਕੀਨੀ ਬਣਾਓ।




