ਅਮਰੋਹਾ : ਅਮਰੋਹਾ ਜ਼ਿਲ੍ਹੇ ਦੇ ਥਾਣਾ ਰਾਜਬਪੁਰ ਖੇਤਰ ਦੇ ਪਿੰਡ ਅਤਰਸੀ ਵਿੱਚ ਲਾਇਸੈਂਸਸ਼ੁਦਾ ਪਟਾਕਾ ਯੂਨਿਟ ’ਚ ਹੋਏ ਧਮਾਕੇ ਕਾਰਨ 4 ਔਰਤਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।
ਵਾਡਰਾ ਅੱਜ ਮੁੜ ਤਲਬ
ਨਵੀਂ ਦਿੱਲੀ : ਈ ਡੀ ਨੇ ਕਾਰੋਬਾਰੀ ਰਾਬਰਟ ਵਾਡਰਾ ਨੂੰ ਯੂ ਕੇ ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ 17 ਜੂਨ ਨੂੰ ਤਲਬ ਕੀਤਾ ਹੈ। 56 ਸਾਲਾ ਵਾਡਰਾ ਨੂੰ 10 ਜੂਨ ਨੂੰ ਵੀ ਬੁਲਾਇਆ ਗਿਆ ਸੀ, ਪਰ ਉਨ੍ਹਾ ਇਹ ਕਹਿੰਦਿਆਂ ਹਾਜ਼ਰ ਹੋਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ ਕਿ ਉਨ੍ਹਾ ਨੂੰ 9 ਜੂਨ ਨੂੰ ਫਲੂ ਵਰਗੇ ਲੱਛਣ ਸਨ ਅਤੇ ਪ੍ਰੋਟੋਕੋਲ ਅਨੁਸਾਰ ਉਨ੍ਹਾ ਕੋਵਿਡ ਟੈਸਟ ਕਰਵਾਇਆ ਸੀ।
ਕਾਲੀ ਵੇਈਂ ’ਚ ਛਾਲ ਮਾਰ ਕੇ ਖੁਦਕੁਸ਼ੀ
ਸੁਲਤਾਨਪੁਰ ਲੋਧੀ (ਬਲਵਿੰਦਰ ਧਾਲੀਵਾਲ)-ਸੋਮਵਾਰ ਸਵੇਰੇ ਕਰੀਬ 9-30 ਵਜੇ 24 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫੱਤੋਵਾਲ ਨੇ ਕਾਲੀ ਵੇਈਂ ਉਪਰ ਬਣੇ ਪੁਲ ਨੇੜੇ ਗੁਰਦੁਆਰਾ ਬੇਰ ਸਾਹਿਬ ਵਿਖੇ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਤਾਏ ਦੇ ਮੁੰਡੇ ਨੂੰ ਫੋਨ ਕਰਕੇ ਛਾਲ ਮਾਰਨ ਬਾਰੇ ਸੂਚਿਤ ਵੀ ਕੀਤਾ। ਉਸ ਨੇ ਪੁਲ ਦੇ ਉਪਰ ਆਪਣਾ ਮੋਟਰਸਾਈਕਲ ਖੜਾ ਕਰਕੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ। ਤਾਏ ਦੇ ਮੁੰਡੇ ਜਰਮਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਅਜੇ ਕੁੰਵਾਰਾ ਸੀ। ਸੂਚਨਾ ਮਿਲਣ ’ਤੇ ਗੁਰਪ੍ਰੀਤ ਦੀ ਮਾਤਾ ਤੇ ਹੋਰ ਰਿਸ਼ਤੇਦਾਰ ਵੀ ਮੌਕੇ ’ਤੇ ਪਹੁੰਚ ਗਏ। ਗੋਤਾਖੋਰ ਨੇ ਗੁਰਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਪਾਣੀ ’ਚੋਂ ਬਾਹਰ ਕੱਢੀ। ਗੁਰਪ੍ਰੀਤ ਸਿੰਘ ਦਾ ਇੱਕ ਭਰਾ ਅਤੇ ਦੋ ਭੈਣਾਂ ਹਨ। ਗੁਰਪ੍ਰੀਤ ਸਿੰਘ ਵੱਲੋਂ ਇਹ ਕਦਮ ਕਿਉ ਚੁੱਕਿਆ ਗਿਆ, ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ। ਥਾਣਾ ਸੁਲਤਾਨਪੁਰ ਲੋਧੀ ਦੇ ਐੱਸ ਐੱਚ ਓ ਸੋਨਮਦੀਪ ਕੌਰ ਨੇ ਦੱਸਿਆ ਗੁਰਪ੍ਰੀਤ ਸਿੰਘ ਸ਼ਾਇਦ ਮਾਨਸਕ ਤੌਰ ’ਤੇ ਪਰੇਸ਼ਾਨ ਸੀ। ਇਸ ਸੰਬੰਧੀ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।




