ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਰਾਏ)-ਨੇੜਲੇ ਪਿੰਡ ਜੋਧਵਾਲ ਵਿਖੇ ਮੰਗਲਵਾਰ ਤੜਕੇ ਇੱਕ ਘਰ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਸੱਪ ਦੇ ਡੰਗਣ ਨਾਲ ਔਰਤ ਅਨੂ ਰਾਣੀ (30) ਦੀ ਮੌਤ ਹੋ ਗਈ, ਜਦਕਿ ਉਸ ਦਾ ਰਿਸ਼ਤੇ ਵਿੱਚ ਲੱਗਦਾ 5 ਸਾਲਾ ਭਾਣਜਾ ਹਾਰਦਿਕ ਵਾਸੀ ਅੰਬਾਲਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅਨੂ ਰਾਣੀ ਮੰਜੇ ’ਤੇ ਸੁੱਤੀ ਪਈ ਸੀ, ਜਦਕਿ ਉਸ ਦਾ ਭਾਣਜਾ ਜੋ ਕਿ ਆਪਣੀ ਮਾਤਾ ਸਮੇਤ ਇੱਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਹੈ, ਉਹ ਥੱਲੇ ਬਿਸਤਰੇ ’ਤੇ ਸੁੱਤਾ ਪਿਆ ਸੀ। ਅਚਨਚੇਤ ਤੜਕੇ ਕਰੀਬ 3 ਵਜੇ ਤੋਂ ਬਾਅਦ ਇੱਕ ਸੱਪ ਉਨ੍ਹਾਂ ਦੇ ਕਮਰੇ ਵਿੱਚ ਆ ਵੜਿਆ, ਜਿਸ ਨੇ ਸੁੱਤੀ ਪਈ ਅਨੂ ਰਾਣੀ ਤੇ ਉਸ ਦੇ ਭਾਣਜੇ ਨੂੰ ਡੰਗ ਲਿਆ। ਸੱਪ ਦੇ ਡੰਗਣ ਕਾਰਨ ਪਰਵਾਰ ਵਿੱਚ ਭਗਦੜ ਮਚ ਗਈ ਅਤੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਅਨੂ ਰਾਣੀ ਦੀ ਮੌਤ ਹੋ ਗਈ, ਜਦਕਿ ਹਾਰਦਿਕ ਇਲਾਜ ਅਧੀਨ ਹੈ ਅਤੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੇ ਯਤਨ ਜਾਰੀ ਹਨ। ਅਨੂ ਰਾਣੀ, ਜਿਸ ਦੇ ਪਤੀ ਜਨਕ ਰਾਜ ਦੀ ਕੁਝ ਸਾਲ ਪਹਿਲਾਂ ਕੋਰੋਨਾ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਉਹ ਵੀ ਸੱਪ ਦੇ ਡੰਗਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਈ।