ਲਾੜੀ ਖੁਸ਼ ਤੇ ਲਾੜਾ ਵੀ ਖੁਸ਼

0
176

ਬਦਾਯੂੰ : ਯੂ ਪੀ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਨਵ-ਵਿਆਹੁਤਾ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਪ੍ਰੇਮੀ ਨਾਲ ਭੱਜ ਗਈ, ਪਰ ਹੈਰਾਨੀ ਦੀ ਗੱਲ ਹੈ ਕਿ ਪਤੀ ਨੇ ਨਿਰਾਸ਼ ਹੋਣ ਦੀ ਥਾਂ ਸੁੱਖ ਦਾ ਸਾਹ ਲੈਂਦਿਆਂ ਕਿਹਾ, ‘‘ਸ਼ੁਕਰ ਹੈ ਮੇਰਾ ਰਾਜਾ ਰਘੂਵੰਸ਼ੀ ਵਰਗਾ ਹਸ਼ਰ ਨਹੀਂ ਹੋਇਆ।’’ 20 ਸਾਲਾ ਕੁੜੀ ਦਾ ਵਿਆਹ ਬਿਸੌਲੀ ਥਾਣਾ ਖੇਤਰ ਦੇ ਮੌਸਮਪੁਰ ਪਿੰਡ ਦੇ ਸੁਨੀਲ (23) ਨਾਲ 17 ਮਈ ਨੂੰ ਹੋਇਆ ਸੀ। ਨੌਂ ਦਿਨ ਸਹੁਰੇ ਘਰ ਰਹਿਣ ਤੋਂ ਬਾਅਦ ਉਹ ਪੇਕੇ ਚਲੇ ਗਈ, ਪਰ ਵਾਪਸ ਪਰਤਣ ਦੀ ਬਜਾਏ ਉਹ ਆਪਣੇ ਕਥਿਤ 22 ਸਾਲਾ ਪ੍ਰੇਮੀ ਨਾਲ ਭੱਜ ਗਈ। ਸੁਨੀਲ ਨੇ ਪੁਲਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਲਾੜੀ ਨੇ ਥਾਣੇ ਵਿੱਚ ਜਾ ਕੇ ਅਧਿਕਾਰੀਆਂ ਅਤੇ ਪਰਵਾਰਕ ਮੈਂਬਰਾਂ ਦੇ ਸਾਹਮਣੇ ਕਿਹਾ, ‘‘ਮੈਂ ਹੁਣ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹਾਂ।’’ ਇਸ ਉਪਰੰਤ ਬਿਸੌਲੀ ਦੇ ਪੁਲਸ ਅਧਿਕਾਰੀਆਂ ਨੇ ਦੋਵਾਂ ਪਰਵਾਰਾਂ ਵਿਚਕਾਰ ਸਮਝੌਤਾ ਕਰਵਾਇਅ ਤੇ ਦੋਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ। ਸਮਝੌਤੇ ਮੁਤਾਬਕ ਵਿਆਹ ਦੌਰਾਨ ਤੋਹਫੇ ਵਿੱਚ ਦਿੱਤੇ ਗਏ ਗਹਿਣੇ ਅਤੇ ਘਰੇਲੂ ਸਾਮਾਨ ਵਾਪਸ ਕਰ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਨੀਲ ਨੇ ਦੱਸਿਆ, “ਮੈਂ ਉਸ ਨੂੰ ਹਨੀਮੂਨ ਲਈ ਨੈਨੀਤਾਲ ਲੈ ਕੇ ਜਾਣ ਦੀ ਯੋਜਨਾ ਬਣਾਈ ਸੀ। ਪਰ ਜੇ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ, ਤਾਂ ਮੈਨੂੰ ਖੁਸ਼ੀ ਹੋਵੇਗੀ। ਘੱਟੋ-ਘੱਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਹਾਲ ਰਾਜਾ ਰਘੂਵੰਸ਼ੀ ਵਰਗਾ ਨਹੀਂ ਹੋਇਆ। ਹੁਣ ਅਸੀਂ ਤਿੰਨੋਂ ਖੁਸ਼ ਹਾਂ। ਉਸ ਨੂੰ ਪਿਆਰ ਮਿਲ ਗਿਆ ਹੈ ਅਤੇ ਮੇਰੀ ਜ਼ਿੰਦਗੀ ਬਰਬਾਦ ਨਹੀਂ ਹੋਈ।’’ ਥਾਣੇ ਵਿੱਚ ਮੌਜੂਦ ਲਾੜੇ ਦੀ ਭਾਬੀ ਰਾਧਾ ਨੇ ਕਿਹਾ, “ਉਹ ਸਾਡੇ ਨਾਲ ਸਿਰਫ ਅੱਠ ਦਿਨ ਹੀ ਰਹੀ। ਉਸ ਦੇ ਜਾਣ ਤੋਂ ਬਾਅਦ ਉਹ ਉਸੇ ਪਿੰਡ ਦੇ ਆਪਣੇ ਪ੍ਰੇਮੀ ਨਾਲ ਭੱਜ ਗਈ। ਅਸੀਂ ਸਿਰਫ ਆਪਣੇ ਤੋਹਫੇ ਵਾਪਸ ਮੰਗੇ ਅਤੇ ਹੁਣ ਮਾਮਲਾ ਸੁਲਝ ਗਿਆ ਹੈ।ਇੱਥੇ ਦੱਸਣਾ ਬਣਦਾ ਹੈ ਕਿ ਇੰਦੌਰ ਦੇ ਇੱਕ ਵਪਾਰੀ ਰਾਜਾ ਰਘੂਵੰਸ਼ੀ ਦੀ 23 ਮਈ ਨੂੰ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੇ ਦੋਸ਼ ਵਿੱਚ ਉਸ ਦੀ ਪਤਨੀ ਸੋਨਮ, ਪਤਨੀ ਦੇ ਕਥਿਤ ਪ੍ਰੇਮੀ ਅਤੇ ਤਿੰਨ ਭਾੜੇ ਦੇ ਹਤਿਆਰਿਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ।