ਪਟਿਆਲਾ : ਨਿਰਮਲ ਸਿੰਘ ਧਾਰੀਵਾਲ ਕਨਵੀਨਰ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਨਸੀਬ ਚੰਦ ਤੇ ਉੱਤਮ ਸਿੰਘ ਬਾਗੜੀ ਨੇ ਮੰਗਲਵਾਰ ਦੱਸਿਆ ਕਿ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਐੱਮ ਡੀ ਪੀ ਆਰ ਟੀ ਸੀ ਨਾਲ ਤਨਖਾਹ ਅਤੇ ਪੈਨਸ਼ਨ ਵਿੱਚ ਹੋਈ ਦੇਰੀ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਹੋਈ। ਸਭ ਤੋਂ ਅਹਿਮ ਫੌਰੀ ਮਸਲਾ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਦਾ ਵਿਚਾਰਿਆ ਗਿਆ, ਜਿਸ ’ਤੇ ਮੈਨੇਜਮੈਂਟ ਵੱਲੋਂ ਦੱਸਿਆ ਗਿਆ ਕਿ 18 ਜੂਨ ਨੂੰ ਪੈਸਾ ਆ ਜਾਵੇਗਾ, ਉਸੇ ਦਿਨ ਜਾਂ 19 ਤਰੀਕ ਤੱਕ ਹਰ ਹਾਲਤ ਵਿੱਚ ਤਨਖਾਹ ਤੇ ਪੈਨਸ਼ਨ ਪਾ ਦਿੱਤੀ ਜਾਵੇਗੀ। ਮੈਨੇਜਮੈਂਟ ਵੱਲੋਂ ਐਕਸ਼ਨ ਕਮੇਟੀ ਨੂੰ ਅਪੀਲ ਕੀਤੀ ਗਈ ਕਿ 18 ਜੂਨ ਦਾ ਰੋਸ ਮੁਜ਼ਾਹਰਾ ਅਤੇ ਪੁਤਲੇ ਫੂਕਣ ਦਾ ਐਕਸ਼ਨ ਨਾ ਕੀਤਾ ਜਾਵੇ। ਇਸ ਅਪੀਲ ਨੂੰ ਵਿਚਾਰਦਿਆਂ ਹੋਏ ਗੱਲਬਾਤ ’ਤੇ ਭਰੋਸਾ ਕਰਦਿਆਂ 18 ਜੂਨ ਦਾ ਰੋਸ ਮੁਜ਼ਾਹਰਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਹ ਵੀ ਤਹਿ ਕੀਤਾ ਗਿਆ ਕਿ ਜੇ 19 ਜੂਨ ਤੱਕ ਤਨਖਾਹ ਤੇ ਪੈਨਸ਼ਨ ਕਿਸੇ ਵੀ ਕਾਰਨ ਨਾ ਪਾਈ ਗਈ ਤਾਂ ਪਹਿਲਾਂ ਤੋਂ ਤਹਿ ਕੀਤਾ ਐਕਸ਼ਨ 20 ਜੂਨ ਨੂੰ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹੱਤਵਪੂਰਨ ਮੰਗਾਂ ’ਤੇ ਸੰਖੇਪ ਚਰਚਾ ਹੋਈ ਅਤੇ ਮੈਨੇਜਮੈਂਟ ਵੱਲੋਂ ਇੱਕ ਹਫਤੇ ਦੇ ਅੰਦਰ-ਅੰਦਰ ਤਰੀਕ ਤਹਿ ਕਰਕੇ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਮੰਗਾਂ ’ਤੇ ਵਿਸਥਾਰ-ਪੂਰਵਕ ਗੱਲਬਾਤ ਹੋਵੇਗੀ।





