ਨਵੀਂ ਦਿੱਲੀ : ਅਹਿਮਦਾਬਾਦ ਦੇ ਹਾਦਸੇ ਤੋਂ ਬਾਅਦ ਮੰਗਲਵਾਰ ਏਅਰ ਇੰਡੀਆ ਦੀਆਂ ਤਿੰਨ ਉਡਾਣਾਂ ਰੱਦ ਕਰਨੀਆਂ ਪਈਆਂ। ਦਿੱਲੀ ਤੋਂ ਪੈਰਿਸ ਦੀ ਉਡਾਣ ਐਨ ਮੌਕੇ ’ਤੇ ਰੱਦ ਕਰਨੀ ਪਈ ਕਿਉਕਿ ਜਾਂਚ ਦੌਰਾਨ ਕੁਝ ਨੁਕਸ ਲੱਭ ਪਿਆ ਸੀ। ਇਸਤੋਂ ਪਹਿਲਾਂ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਇਸ ਕਰਕੇ ਰੱਦ ਕਰਨੀ ਪਈ ਕਿਉਕਿ ਬੋਇੰਗ 787 ਡਰੀਮਲਾਈਨਰ ਜਹਾਜ਼ ਉਪਲਬਧ ਨਹੀਂ ਹੋਇਆ।
ਉਧਰ, ਇੱਕ ਹੋਰ ਘਟਨਾ ’ਚ ਸਾਂ ਫਰਾਂਸਿਸਕੋ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਉਸਨੂੰ ਮੰਗਲਵਾਰ ਸਵੇਰੇ ਕੋਲਕਾਤਾ ਰੋਕ ਕੇ ਯਾਤਰੀਆਂ ਨੂੰ ਉਤਾਰਨਾ ਪਿਆ। ਆਮ ਕਰਕੇ ਏਅਰ ਇੰਡੀਆ ਦੀ ਮੁੰਬਈ ਤਕ ਸਿੱਧੀ ਉਡਾਣ ਹੁੰਦੀ ਹੈ ਪਰ ਪਾਕਿਸਤਾਨੀ ਆਕਾਸ਼ ਬੰਦ ਹੋਣ ਤੇ ਹੋਰ ਕਈ ਤਰ੍ਹਾਂ ਦੀਆਂ ਰੋਕਾਂ ਕਾਰਨ ਵਾਇਆ ਕੋਲਕਾਤਾ ਆ ਰਹੀ ਸੀ। ਫਲਾਈਟ 19-180 ਸਵੇਰੇ 00:45 ਵਜੇ ਹਵਾਈ ਅੱਡੇ ’ਤੇ ਪਹੁੰਚੀ, ਪਰ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਵਿੱਚ ਦੇਰੀ ਹੋ ਗਈ। ਲਗਪਗ 05:20 ਵਜੇ ਜਹਾਜ਼ ਵਿੱਚ ਘੋਸ਼ਣਾ ਕਰਕੇ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ। ਅਹਿਮਦਾਬਾਦ ਹਾਦਸੇ ਤੋਂ ਬਾਅਦ ਸੁਰੱਖਿਆ ਜਾਂਚ ਦਾ ਪ੍ਰਭਾਵ ਅੰਮਿ੍ਰਤਸਰ ਹਵਾਈ ਅੱਡੇ ’ਤੇ ਵੀ ਪਿਆ ਹੈ। ਬੁੱਧਵਾਰ ਨੂੰ ਲੰਡਨ ਤੋਂ ਅੰਮਿ੍ਰਤਸਰ ਆਉਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਸੋਮਵਾਰ ਅੰਮਿ੍ਰਤਸਰ ਤੋਂ ਬਰਮਿੰਘਮ ਦੀ ਉਡਾਣ ਰੱਦ ਕੀਤੀ ਗਈ ਸੀ। ਇਸੇ ਦੌਰਾਨ ਮਸਕਟ ਤੋਂ ਵਾਇਆ ਕੋਚੀ ਦਿੱਲੀ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਕਾਰਨ ਨਾਗਪੁਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ 157 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨਾਲ ਸਵੇਰੇ 9.31 ਵਜੇ ਦਿੱਲੀ ਲਈ ਰਵਾਨਾ ਹੋਇਆ ਸੀ।