ਮਾਨਸਾ : ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਚਲੇ ਗਏ ਹਨ। ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਨੇ ਕਿਹਾ ਕਿ ਦੋਵੇਂ ਛੇਤੀ ਵਾਪਸ ਆਉਣਗੇ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮੂਸੇਵਾਲਾ ਦੇ ਵਿਦੇਸ਼ ਵਿਚਲੇ ਕਾਰੋਬਾਰ ਨੂੰ ਵੇਖਣ ਲਈ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨੀ ਪੈ ਸਕਦੀ ਹੈ। ਮੂਸੇਵਾਲਾ ਦਾ ਕੈਨੇਡਾ ਵਿਚ ਵੀ ਕਾਰੋਬਾਰ ਸੀ ਅਤੇ ਉਹ ਕਤਲ ਦੀ ਵਾਰਦਾਤ ਤੋਂ ਹਫਤਾ ਪਹਿਲਾਂ ਹੀ ਦੁਬਈ ਜਾ ਕੇ ਆਇਆ ਸੀ। ਇਸੇ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਬਲਕੌਰ ਸਿੰਘ ਸਿੱਧੂ ਨੂੰ ਧਮਕੀ ਦਿੱਤੀ ਹੈ। ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਰਾਹੀਂ ਦਿੱਤੀ ਗਈ ਹੈ ਤੇ ਪਰਵਾਰ ਵੱਲੋਂ ਇਸ ਦੀ ਸੂਚਨਾ ਮਾਨਸਾ ਪੁਲਸ ਨੂੰ ਦੇਣ ਤੋਂ ਬਾਅਦ ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਈ-ਮੇਲ ਨੂੰ ਗੂਗਲ ਰਾਹੀਂ ਪੜਤਾਲਿਆ ਜਾ ਰਿਹਾ ਹੈ ਅਤੇ ਆਸ ਹੈ ਕਿ ਇਸ ਧਮਕੀ ਦੇ ਅਸਲੀ ਜਾਂ ਨਕਲੀ ਹੋਣ ਦਾ ਮਾਮਲਾ ਸਾਫ ਹੋ ਜਾਵੇਗਾ। ਧਮਕੀ ਵਿਚ ਕਿਹਾ ਗਿਆ ਹੈ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂਠਾ ਮੁਕਾਬਲਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਬਾਅ ਕਾਰਨ ਹੀ ਹੋਇਆ ਹੈ।