ਤਾਜ਼ਾ ਘਟਨਾਵਾਂ ਤੋਂ ਜਾਪਦਾ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਧਿਰ ਆਉਂਦੀਆਂ ਲੋਕ ਸਭਾ ਚੋਣਾਂ ਤੱਕ ਦੇਸ਼ ਭਰ ਵਿੱਚ ਨਫ਼ਰਤ ਦੀ ਹਨੇ੍ਹਰੀ ਚਲਾਉਣ ਦਾ ਤਹੱਈਆ ਕਰ ਚੁੱਕੀ ਹੈ। ਪੰਜਾਬ ਵਿੱਚ ਪਿਛਲੇ ਦੋ ਕੁ ਦਿਨ ਤੋਂ ਜੋ ਹੋ ਰਿਹਾ ਹੈ, ਉਹ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ। ਇਹ ਠੀਕ ਹੈ ਕਿ ਪੰਜਾਬ ਵਿੱਚ ਭਾਜਪਾ ਏਡੀ ਵੱਡੀ ਤਾਕਤ ਨਹੀਂ ਕਿ ਉਹ ਇਕੱਲੀ ਕੁਝ ਕਰ ਸਕੇ, ਇਸ ਲਈ ਉਸ ਨੂੰ ਆਪਣੇ ਪੁਰਾਣੇ ਭਾਈਵਾਲ ਦਾ ਸਹਾਰਾ ਚਾਹੀਦਾ ਹੈ। ਜੰਡਿਆਲਾ ਗੁਰੂ ਵਿੱਚ ਜਿਸ ਤਰ੍ਹਾਂ ਨਿਹੰਗਾਂ ਨੇ ਇਕੱਠੇ ਹੋ ਕੇ ਈਸਾਈਆਂ ਦੇ ਪ੍ਰੋਗਰਾਮ ਨੂੰ ਜਬਰੀ ਰੋਕਿਆ ਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕੀਤੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਘਟਨਾਵਾਂ ਇੱਕ ਸੋਚੀ-ਸਮਝੀ ਨੀਤੀ ਅਨੁਸਾਰ ਹੋ ਰਹੀਆਂ ਹਨ। ਜੰਡਿਆਲਾ ਗੁਰੂ ਵਾਲੀ ਘਟਨਾ ਤੋਂ ਉਤਸ਼ਾਹਤ ਹੋ ਕੇ ਪੱਟੀ ਨੇੜਲੇ ਪਿੰਡ ਠੱਕਰਪੁਰਾ ਵਿਚਲੇ ਗਿਰਜਾਘਰ ’ਤੇ ਹਮਲਾ ਵੀ ਇਸੇ ਦੀ ਨਿਸ਼ਾਨਦੇਹੀ ਕਰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਪਿਛਲੇ ਕੁਝ ਸਮੇਂ ਦੇ ਬਿਆਨਾਂ ਤੋਂ ਇੰਜ ਲੱਗਦਾ ਹੈ, ਜਿਵੇਂ ਉਹ ਬਾਦਲ ਦਲ ਦਾ ਬੁਲਾਰਾ ਹੋਵੇ।
ਦੇਸ਼ ਦੇ ਬਾਕੀ ਸੂਬਿਆਂ, ਖਾਸਕਰ ਭਾਜਪਾ ਦੀ ਸੱਤਾ ਵਾਲਿਆਂ, ਅੰਦਰ ਤਾਂ ਅਜਿਹੀਆਂ ਘਟਨਾਵਾਂ ਨਿੱਤ ਦਿਨ ਦਾ ਵਰਤਾਰਾ ਬਣ ਚੁੱਕੀਆਂ ਹਨ। ਕਰਨਾਟਕ ਵਿਚਲੀ ਭਾਜਪਾ ਸਰਕਾਰ ਨੇ ਤਾਂ ਇਸ ਵਾਰੀ ਇਹ ਜ਼ਿੱਦ ਫੜ ਲਈ ਕਿ ਉਹ ਗਣੇਸ਼ ਚਤੁਰਥੀ ਦੇ ਪ੍ਰੋਗਰਾਮ ਮੁਸਲਮਾਨਾਂ ਦੀਆਂ ਈਦਗਾਹਾਂ ਵਿੱਚ ਹੀ ਕਰੇਗੀ। ਬੇਂਗਲੁਰੂ ਵਿਚਲੀ ਈਦਗਾਹ ਦੀ ਕਮੇਟੀ ਇਸ ਨੂੰ ਰੋਕਣ ਲਈ ਕਰਨਾਟਕ ਹਾਈਕੋਰਟ ਵਿੱਚ ਚਲੀ ਗਈ। ਹਾਈ ਕੋਰਟ ਦੇ ਇੱਕ ਮੈਂਬਰੀ ਬੈਂਚ ਨੇ ਇਸ ਦੀ ਮਨਾਹੀ ਕਰ ਦਿੱਤੀ। ਸਰਕਾਰ ਨੇ ਮੁੜ ਅਦਾਲਤ ਵਿੱਚ ਅਰਜ਼ੀ ਦਾਖ਼ਲ ਕਰ ਦਿੱਤੀ। ਸਰਕਾਰ ਅੜੀ ਹੋਈ ਸੀ ਕਿ ਉਹ ਗਣੇਸ਼ ਉਤਸਵ ਈਦਗਾਹ ਵਿੱਚ ਹੀ ਮਨਾਏਗੀ। ਸਰਕਾਰ ਦੀ ਅਰਜ਼ੀ ’ਤੇ ਦੋ ਜੱਜਾਂ ਦੀ ਬੈਂਚ ਨੇ ਫੈਸਲਾ ਸਰਕਾਰ ਦੇ ਹੱਕ ਵਿੱਚ ਦੇ ਦਿੱਤਾ। ਜੱਜਾਂ ਦੀ ਦਲੀਲ ਸੀ ਕਿ ਭਾਰਤ ਦਾ ਸੰਵਿਧਾਨ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦੇ ਭਾਈਚਾਰੇ ਦੀ ਗੱਲ ਕਰਦਾ ਹੈ, ਇਸ ਲਈ ਈਦਗਾਹ ਵਿੱਚ ਗਣੇਸ਼ ਉਤਸਵ ਮਨਾਇਆ ਜਾ ਸਕਦਾ ਹੈ। ਇਹ ਕਿਹੋ ਜਿਹੀ ਦਲੀਲ ਹੈ ਕਿ ਤੁਸੀਂ ਆਪਣਾ ਪਰਵਾਰਕ ਫੰਕਸ਼ਨ ਦੂਜੇ ਦੇ ਘਰ ਉੱਤੇ ਕਬਜ਼ਾ ਕਰਕੇ ਕਰੋ, ਇਸ ਨਾਲ ਭਾਈਚਾਰਾ ਵਧੇਗਾ। ਇਸ ਨਾਲ ਭਾਈਚਾਰਾ ਨਹੀਂ ਵਧੇਗਾ, ਡਾਂਗਾਂ ਚੱਲਣਗੀਆਂ, ਜੋ ਭਾਜਪਾ ਚਾਹੁੰਦੀ ਹੈ।
ਇਸ ਫੈਸਲੇ ਵਿਰੁੱਧ ਈਦਗਾਹ ਵਾਲੇ ਸੁਪਰੀਮ ਕੋਰਟ ਚਲੇ ਗਏ। ਦੋ ਜੱਜਾਂ ਦੀ ਬੈਂਚ ਵਿੱਚੋਂ ਇੱਕ ਨੇ ਕਿਹਾ ਕਿ ਹੋ ਸਕਦਾ ਹੈ, ਦੂਜੇ ਨੇ ਕਿਹਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਕੇਸ ਤਿੰਨ ਜੱਜਾਂ ਦੀ ਬੈਂਚ ਦੇ ਹਵਾਲੇ ਕੀਤਾ ਗਿਆ। ਬੈਂਚ ਨੇ ਪੁੱਛ ਲਿਆ ਕਿ ਕੀ ਕੋਈ ਹੋਰ ਮੈਦਾਨ ਨਹੀਂ, ਜਿੱਥੇ ਗਣੇਸ਼ ਉਤਸਵ ਕੀਤਾ ਜਾ ਸਕਦਾ ਹੋਵੇ। ਇਸ ਦੇ ਜਵਾਬ ਵਿੱਚ ਸਰਕਾਰ ਦੇ ਵਕੀਲ ਨੇ ਕਿਹਾ ਸਵਾਲ ਥਾਂ ਦਾ ਨਹੀਂ, ਸਵਾਲ ਇਹ ਹੈ ਕਿ ਈਦਗਾਹ ਵਿੱਚ ਗਣੇਸ਼ ਪੂਜਾ ਕਿਉਂ ਨਹੀਂ ਹੋ ਸਕਦੀ, ਇਹ ਸਾਡੇ ਲਈ ਸਿਧਾਂਤਕ ਫੈਸਲਾ ਹੈ। ਬੈਂਚ ਨੇ ਕਿਹਾ ਕਿ ਪਿਛਲੇ ਦੋ ਸੌ ਸਾਲ ਤੋਂ ਈਦਗਾਹ ਵਿੱਚ ਅਜਿਹਾ ਨਹੀਂ ਹੋਇਆ ਤਾਂ ਹੁਣ ਕਿਉਂ ਜ਼ਿੱਦ ਕੀਤੀ ਜਾ ਰਹੀ ਹੈ। ਆਖਰਕਾਰ ਬੈਂਚ ਨੇ ਫੈਸਲਾ ਦੇ ਦਿੱਤਾ ਕਿ ਸਰਕਾਰ ਅਜਿਹਾ ਨਹੀਂ ਕਰ ਸਕਦੀ। ਬੈਂਗਲੁਰੂ ਵਾਲੀ ਈਦਗਾਹ ਉੱਤੇ ਕਬਜ਼ੇ ਦਾ ਜਤਨ ਤਾਂ ਭਾਵੇਂ ਨਿਆਂਪਾਲਿਕਾ ਨੇ ਰੋਕ ਦਿੱਤਾ, ਪਰ ਹੁਬਲੀ ਵਿਚਲੀ ਈਦਗਾਹ ਵਿੱਚ ਗਣੇਸ਼ ਪੂਜਾ ਕੀਤੀ ਗਈ।
ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸਾਰਾ ਕਰਨਾਟਕ ਹੜ੍ਹਾਂ ਨਾਲ ਜੂਝ ਰਿਹਾ ਹੈ, ਉਦੋਂ ਸਰਕਾਰ ਨੂੰ ਮੁਸਲਮਾਨਾਂ ਦੇ ਧਰਮ ਅਸਥਾਨਾਂ ਵਿੱਚ ਗਣੇਸ਼ ਉਤਸਵ ਮਨਾਉਣ ਵਿੱਚ ਏਨੀ ਦਿਲਚਸਪੀ ਕਿਉਂ ਸੀ? ਅਸਲ ਵਿੱਚ ਇਸ ਪਿੱਛੇ ਹਿੰਦੂਆਂ ਨੂੰ ਮੁਸਲਮਾਨਾਂ ਵਿਰੁੱਧ ਯੁੱਧ ਲਈ ਤਿਆਰ ਕਰਨ ਲਈ ਇੱਕ ਨਵਾਂ ਪੈਂਤੜਾ ਮੱਲਿਆ ਜਾ ਰਿਹਾ ਹੈ। ਈਦਗਾਹਾਂ ਵਿੱਚ ਗਣੇਸ਼ ਪੂਜਾ ਦੇ ਪ੍ਰੋਗਰਾਮ ਕਰਨ ਪਿੱਛੇ ਕੋਈ ਸ਼ਰਧਾ ਨਹੀਂ, ਸਗੋਂ ਮੁਸਲਮਾਨਾਂ ਦੀਆਂ ਧਾਰਮਿਕ ਥਾਵਾਂ ਉੱਤੇ ਕਬਜ਼ੇ ਕਰਨ ਲਈ ਹਿੰਦੂਆਂ ਨੂੰ ਉਕਸਾਉਣਾ ਹੈ। ਪਹਿਲਾਂ ਇਹ ਕੰਮ ਹਿੰਦੂਤਵੀ ਸੰਸਥਾਵਾਂ ਕਰਦੀਆਂ ਸਨ, ਹੁਣ ਇਹ ਜ਼ਿੰਮੇਵਾਰੀ ਭਾਜਪਾ ਸਰਕਾਰਾਂ ਨੇ ਸਾਂਭ ਲਈ ਹੈ। ਹੁਣ ਤਾਂ ਹਾਲਤ ਇਹ ਬਣ ਗਈ ਹੈ ਕਿ ਜਦੋਂ ਵੀ ਕੋਈ ਹਿੰਦੂ ਤਿਉਹਾਰ ਆਉਂਦਾ ਹੈ, ਸਮਾਜ ਵਿੱਚ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਹਿੰਦੂ ਸਮਾਜ ਨੂੰ ਜਾਗਣਾ ਚਾਹੀਦਾ ਹੈ ਕਿ ਕਿਉਂ ਉਨ੍ਹਾਂ ਵੱਲੋਂ ਸਤਿਕਾਰੇ ਜਾਂਦੇ ਦੇਵੀ-ਦੇਵਤੇ ਨਫ਼ਰਤ ਦਾ ਚਿੰਨ੍ਹ ਬਣਦੇ ਜਾ ਰਹੇ ਹਨ। ਇਹ ਹਾਲਤ ਹਿੰਦੂ ਸਮਾਜ ਲਈ ਸਤਿਕਾਰ ਦੀ ਥਾਂ ਤਿ੍ਰਸਕਾਰ ਪੈਦਾ ਕਰ ਰਹੀ ਹੈ।
ਅਸੀਂ ਪੰਜਾਬ ਵਿਚਲੇ ਹਿੰਦੂ, ਸਿੱਖ, ਈਸਾਈ ਤੇ ਮੁਸਲਮਾਨ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਨਫ਼ਰਤੀ ਵਰਤਾਰੇ ਨੂੰ ਰੋਕਣ ਲਈ ਉਹ ਰਲ-ਮਿਲ ਕੇ ਅੱਗੇ ਆਉਣ ਤੇ ਸ਼ਰਾਰਤੀ ਅਨਸਰਾਂ ਨੂੰ ਸਮਾਜ ਵਿੱਚੋਂ ਨਿਖੇੜ ਦੇਣ।
-ਚੰਦ ਫਤਿਹਪੁਰੀ