ਮੁਹਾਲੀ : ਮਾਨ ਸਰਕਾਰ ਮਿਆਰੀ ਅਤੇ ਚੰਗੀ ਸਿੱਖਿਆ ਦੇਣ ਲਈ ਯਤਨਸ਼ੀਲ ਹੈ, ਪਰ ਜ਼ਿਆਦਾਤਰ ਸਕੂਲਾਂ ’ਚ ਮੁਖੀਆਂ ਅਤੇ ਅਧਿਆਪਕਾਂ ਦੀ ਘਾਟ ਕਾਰਨ ਮਿੱਥੇ ਟੀਚੇ ਪ੍ਰਾਪਤ ਕਰਨੇ ਅਸੰਭਵ ਹਨ। ਸ਼ੁੱਕਰਵਾਰ ਇੱਥੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਵਾਲੀਆ, ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਖ ਦਫਤਰ ਵਿਚ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰਾਂ, ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲਾਂ ’ਚ ਪਿ੍ਰੰਸੀਪਲਾਂ ਦੀਆਂ ਆਸਾਮੀਆਂ ਖਾਲੀ ਹੋਣ ਕਾਰਨ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਅੰਮਿ੍ਰਤਸਰ ਜ਼ਿਲ੍ਹੇ ਦੇ 9 ਸਕੂਲਾਂ, ਹੁਸ਼ਿਆਰਪੁਰ ਦੇ 35, ਜਲੰਧਰ ਦੇ 34, ਕਪੂਰਥਲਾ ਦੇ 28, ਗੁਰਦਾਸਪੁਰ ਦੇ 33, ਫਿਰੋਜ਼ਪੁਰ ਦੇ 25, ਲੁਧਿਆਣਾ ਦੇ 30, ਬਠਿੰਡਾ ਦੇ 45, ਫਰੀਦਕੋਟ ਦੇ 15, ਫਤਹਿਗੜ੍ਹ ਸਾਹਿਬ ਦੇ 6, ਫਾਜ਼ਿਲਕਾ ਦੇ 13, ਬਰਨਾਲਾ ਦੇ 23, ਮਾਨਸਾ ਦੇ 31, ਮਾਲੇਰਕੋਟਲਾ ਦੇ 7, ਮੋਗਾ ਦੇ 44, ਮੁਕਤਸਰ ਦੇ 13, ਪਨਾਨਕੋਟ ਦੇ 8, ਪਟਿਆਲਾ ਦੇ 13, ਤਰਨ ਤਾਰਨ ਦੇ 35, ਸੰਗਰੂਰ ਦੇ 30, ਸ਼ਹੀਦ ਭਗਤ ਸਿੰਘ ਨਗਰ ਦੇ 29 ਤੇ ਰੂਪਨਗਰ ਦੇ ਇਕ ਸਕੂਲ ਵਿਚ ਪਿ੍ਰੰਸੀਪਲ ਨਹੀਂ ਹੈ। ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਪਿ੍ਰੰਸੀਪਲ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਪਦਉਨਤੀਆਂ ਕਰਕੇ ਪਿ੍ਰੰਸੀਪਲਾਂ ਦੀਆਂ ਆਸਾਮੀਆਂ ਭਰੀਆਂ ਜਾਣ।