ਦੁਬਈ : ਟਕਰਾਅ ਦੇ ਸੱਤਵੇਂ ਦਿਨ ਵੀਰਵਾਰ ਇਜ਼ਰਾਈਲ ਨੇ ਜਿੱਥੇ ਈਰਾਨ ਦੇ ਅਰਾਕ ਭਾਰੀ ਜਲ ਰਿਐਕਟਰ ’ਤੇ ਹਮਲਾ ਕੀਤਾ, ਉਥੇ ਈਰਾਨ ਨੇ ਇਜ਼ਰਾਈਲ ਦੇ ਦੱਖਣ ਵਿਚ ਪ੍ਰਮੁੱਖ ਹਸਪਤਾਲ ’ਤੇ ਮਿਜ਼ਾਈਲ ਹਮਲੇ ਕੀਤੇ।
ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਮੁਤਾਬਕ ਇਜ਼ਰਾਈਲ ਨੇ ਅਰਾਕ ਭਾਰੀ ਜਲ ਰਿਐਕਟਰ ਨੂੰ ਨਿਸ਼ਾਨਾ ਬਣਾਇਆ। ਚੈਨਲ ਨੇ ਦੱਸਿਆ ਕਿ ਹਮਲੇ ਕਰਕੇ ਕਿਸੇ ਤਰ੍ਹਾਂ ਦੀ ਰੇਡੀਓ ਐਕਟਿਵ ਰੈਡੀਏਸ਼ਨ ਦਾ ਖ਼ਤਰਾ ਨਹੀਂ ਹੈ। ਹਮਲੇ ਤੋਂ ਪਹਿਲਾਂ ਹੀ ਕੇਂਦਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਤੇ ਰਿਐਕਟਰ ਦੇ ਆਲੇ-ਦੁਆਲੇ ਗੈਰ-ਫੌਜੀ ਇਲਾਕਿਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਇਜ਼ਰਾਈਲ ਨੇ ਵੀਰਵਾਰ ਸਵੇਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਹ ਰਿਐਕਟਰ ’ਤੇ ਹਮਲਾ ਕਰੇਗਾ ਤੇ ਉਸ ਨੇ ਲੋਕਾਂ ਨੂੰ ਇਹ ਥਾਂ ਛੱਡਣ ਲਈ ਕਿਹਾ ਸੀ।
ਉਧਰ, ਬੀਰਸ਼ੇਬਾ ’ਚ ਸੋਰੋਕਾ ਮੈਡੀਕਲ ਸੈਂਟਰ ਦੇ ਬੁਲਾਰੇ ਨੇ ਦੱਸਿਆ ਕਿ ਈਰਾਨੀ ਹਮਲੇ ਨਾਲ ਹਸਪਤਾਲ ਨੂੰ ਭਾਰੀ ਨੁਕਸਾਨ ਪੁੱਜਾ ਤੇ ਲੋਕ ਜ਼ਖਮੀ ਹੋ ਗਏ। ਹਸਪਤਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਜ ਲਈ ਨਾ ਆਉਣ। ਹਸਪਤਾਲ ਦੀ ਵੈੱਬਸਾਈਟ ਮੁਤਾਬਕ ਇਸ ਹਸਪਤਾਲ ਵਿਚ 1000 ਤੋਂ ਵੱਧ ਬਿਸਤਰੇ ਹਨ ਤੇ ਇਹ ਇਜ਼ਰਾਈਲ ਦੇ ਦੱਖਣ ਵਿਚ ਕਰੀਬ 10 ਲੱਖ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਹਮਲੇ ਨੂੰ ਲੈ ਕੇ ਭਾਵੇਂ ਤਫਸੀਲੀ ਜਾਣਕਾਰੀ ਨਹੀਂ ਮਿਲ ਸਕੀ, ਪਰ ਅੱਗ ਬੁਝਾਊ ਦਸਤੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਸਪਤਾਲ ਦੀ ਇਮਾਰਤ ਤੇ ਕੁਝ ਅਪਾਰਟਮੈਂਟ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਈਰਾਨ ਨੇ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ। ਉਸ ਨੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਨਾਹ ਲੈਣ ਨੂੰ ਕਿਹਾ ਹੈ। ਈਰਾਨ ਨੇ ਇਜ਼ਰਾਈਲ ਦੇ ਚਾਰ ਸ਼ਹਿਰਾਂ ਤੇਲ ਅਵੀਵ, ਬੀਰਸ਼ੇਬਾ, ਰਮਤ ਗਾਨ ਤੇ ਹੋਲੋਨ ’ਤੇ 30 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿੱਚੋਂ 7 ਨੂੰ ਇਜ਼ਰਾਈਲੀ ਡਿਫੈਂਸ ਸਿਸਟਮ ਰੋਕਣ ਵਿੱਚ ਨਾਕਾਮ ਰਿਹਾ। ਇਨ੍ਹਾਂ ਹਮਲਿਆਂ ਵਿੱਚ 176 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਸੀ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਈਰਾਨ ਜਾਣਬੁੱਝ ਕੇ ਇਜ਼ਰਾਈਲੀ ਨਾਗਰਿਕਾਂ ਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲ ਇਸ ਦਾ ਬਦਲਾ ਲਵੇਗਾ। ਇਜ਼ਰਾਈਲੀ ਰੱਖਿਆ ਮੰਤਰੀ ਇਸਰਾਈਲ ਕਜ਼ ਨੇ ਤੇਲ ਅਵੀਵ ਨੇੜੇ ਹੋਲੋਨ ਸ਼ਹਿਰ ਵਿੱਚ ਕਿਹਾ ਕਿ ਈਰਾਨੀ ਸੁਪਰੀਮ ਲੀਡਰ ਖਾਮੇਨੀ ਨੇ ਹਸਪਤਾਲ ’ਤੇ ਹਮਲਾ ਕਰਵਾਇਆ ਹੈ ਤੇ ਇਜ਼ਰਾਈਲ ਹੁਣ ਉਸ ਨੂੰ ਛੱਡੇਗਾ ਨਹੀਂ। ਖਾਮੇਨੀ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦਾ ਹੈ।
ਇਸੇ ਦੌਰਾਨ ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਗਰੁੱਪ ਨੇ ਕਿਹਾ ਹੈ ਕਿ ਜੰਗ ਵਿੱਚ ਹੁਣ ਤੱਕ ਈਰਾਨ ਦੇ 639 ਤੇ ਇਜ਼ਰਾਈਲ ਦੇ 24 ਲੋਕ ਮਾਰੇ ਜਾ ਚੁੱਕੇ ਹਨ।