ਨਕਸਲੀਆਂ ਨਾਲ ਗੱਲ ਨਹੀਂ ਕਰਨੀ, ਮਾਰਨੇ ਹੀ ਹਨ : ਸ਼ਾਹ

0
100

ਰਾਏਪੁਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਛੱਤੀਸਗੜ੍ਹ ਦੌਰੇ ਦੌਰਾਨ ਮੁੜ ਦੁਹਰਾਇਆ ਕਿ 31 ਮਾਰਚ, 2026 ਤੱਕ ਨਕਸਲਵਾਦ ਦਾ ਖਾਤਮਾ ਕਰ ਦਿੱਤਾ ਜਾਵੇਗਾ ਤੇ ਉਹ ਮੌਨਸੂਨ ਦੌਰਾਨ ਮਾਓਵਾਦੀਆਂ ਨੂੰ ਆਰਾਮ ਨਹੀਂ ਕਰਨ ਦੇਣਗੇ ਅਤੇ ਮੀਂਹ ਦੌਰਾਨ ਵੀ ਉਨ੍ਹਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾ ਨਕਸਲੀਆਂ ਨੂੰ ਹਥਿਆਰ ਸੁੱਟਣ ਅਤੇ ਵਿਕਾਸ ਦੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾ ਕਿਹਾ ਕਿ ਨਕਸਲੀਆਂ ਨਾਲ ਗੱਲਬਾਤ ਦੀ ਲੋੜ ਨਹੀਂ। ਉਨ੍ਹਾ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ ਅਤੇ ਓਡੀਸ਼ਾ ਦੇ ਸੀਨੀਅਰ ਅਧਿਕਾਰੀਆਂ ਨਾਲ ਨਕਸਲਵਾਦ ’ਤੇ ਸਮੀਖਿਆ ਮੀਟਿੰਗ ਕੀਤੀ। ਇਸ ਸੰਬੰਧੀ ਜਾਣਕਾਰੀ ਅਮਿਤ ਸ਼ਾਹ ਨੇ ਐਕਸ ’ਤੇ ਨਸ਼ਰ ਕੀਤੀ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਕਿਹਾ ਕਿ ਅਮਿਤ ਸ਼ਾਹ ਮੁੱਖ ਮੰਤਰੀ ਨਾਲ ਸੂਬੇ ਦਾ ਦੌਰਾ ਕਰਨਗੇ ਅਤੇ ਸੁਰੱਖਿਆ ਬਲਾਂ ਦੇ ਕਮਾਂਡਰਾਂ ਨੂੰ ਮਿਲਣਗੇ ਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ। ਅਮਿਤ ਸ਼ਾਹ ਨੇ ਕਿਹਾ ਕਿ ਬਸਤਰ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਨਕਸਲੀਆਂ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਸਤ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਨਾ ਸਿਰਫ ਨਵੀਨਤਾ, ਬੁਨਿਆਦੀ, ਆਰਥਕ ਤਰੱਕੀ ਸਗੋਂ ਸਮੇਂ ਸਿਰ ਨਿਆਂ ਦੇਣ ’ਤੇ ਵੀ ਕੇਂਦਰਤ ਹੈ। ਭਾਰਤੀ ਨਿਆ ਸੰਹਿਤਾ, ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, ਭਾਰਤੀ ਸਾਕਸ਼ਯ ਅਧਿਨਿਯਮ ਸਮੇਂ ਸਿਰ ਨਿਆਂ ਯਕੀਨੀ ਬਣਾਏਗਾ।