ਜੰਗ ਨਾਲ ਗੁਆਂਢੀ ਪਰੇਸ਼ਾਨ

0
81

ਦੁਬਈ : ਈਰਾਨ ਵੱਲੋਂ ਇਕ ਦਿਨ ਪਹਿਲਾਂ ਕਿਸੇ ਹਮਲੇ ਜਾਂ ਧਮਕੀ ਦੇ ਡਰ ਤਹਿਤ ਪ੍ਰਮਾਣੂ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤੇ ਜਾਣ ਪਿੱਛੋਂ ਸਨਿੱਚਰਵਾਰ ਈਰਾਨ ਅਤੇ ਇਜ਼ਰਾਈਲ ਨੇ ਇਕ-ਦੂਜੇ ਦੇ ਟਿਕਾਣਿਆਂ ਉਤੇ ਤਾਜ਼ਾ ਹਮਲੇ ਕੀਤੇ, ਜਦੋਂਕਿ ਦੂਜੇ ਪਾਸੇ ਯੂਰਪ ਵੱਲੋਂ ਅਮਨ ਵਾਰਤਾ ਨੂੰ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤੇਲ ਅਵੀਵ ਸਮੇਤ ਕੇਂਦਰੀ ਇਜ਼ਰਾਈਲ ਦੇ ਕੁਝ ਹਿੱਸਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜੇ। ਇਸ ਦੇ ਨਾਲ ਹੀ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ। ਤੇਲ ਅਵੀਵ ਦੇ ਅਸਮਾਨ ਵਿੱਚ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਈਰਾਨੀ ਮਿਜ਼ਾਈਲਾਂ ਨੂੰ ਫੁੰਡਣ ਲਈ ਮਿਜ਼ਾਈਲਾਂ ਦਾਗੀਆਂ ਦਿਖਾਈ ਦੇ ਰਹੀਆਂ ਸਨ। ਐਮਰਜੈਂਸੀ ਸੇਵਾ ਵੱਲੋਂ ਜਾਰੀ ਤਸਵੀਰਾਂ ਵਿਚ ਮੱਧ ਇਜ਼ਰਾਈਲ ਵਿੱਚ ਇੱਕ ਬਹੁ-ਮੰਜ਼ਲਾ ਰਿਹਾਇਸ਼ੀ ਇਮਾਰਤ ਦੀ ਛੱਤ ’ਤੇ ਅੱਗ ਦੀਆਂ ਲਾਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ। ਇਜ਼ਰਾਈਲ ਨੇ ਈਰਾਨੀ ਸ਼ਹਿਰਾਂ ਖੋਰਮਾਬਾਦ, ਕੋਮ ਤੇ ਇਸਫਹਾਨ ’ਤੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨਾਲ 5 ਲੋਕਾਂ ਦੀ ਮੌਤ ਹੋ ਗਈ। ਈਰਾਨ ਨੇ ਵੀ ਇਜ਼ਰਾਈਲ ਦੇ ਤੇਲ ਅਵੀਵ ਤੇ ਹੋਰਨਾਂ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ ਕੀਤੇ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਜੰਗ ਵਿੱਚ ਅੱਗੇ ਹੈ ਤੇ ਉਸ ਨੂੰ ਰੋਕਣਾ ਮੁਸ਼ਕਲ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਹਾਕਨ ਫਿਦਾਨ ਨੇ ਮੁਸਲਿਮ ਦੇਸ਼ਾਂ ਨੂੰ ਈਰਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਫਿਦਾਨ ਨੇ ਇਸਤੰਬੁਲ ਵਿੱਚ ਇਸਲਾਮਿਕ ਸਹਿਯੋਗ ਸੰਗਠਨ (ਓ ਆਈ ਸੀ) ਦੀ ਬੈਠਕ ਵਿੱਚ ਇਸਲਾਮਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਕਿਹਾ ਕਿ ਗਾਜ਼ਾ, ਲਿਬਨਾਨ, ਸੀਰੀਆ, ਯਮਨ ਤੇ ਈਰਾਨ ’ਤੇ ਇਜ਼ਰਾਈਲ ਦੇ ਵਧਦੇ ਹਮਲੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਦੇ ਸਲਾਹਕਾਰ ਅਨਵਰ ਗਰਗਾਸ਼ ਨੇ ਕਿਹਾ ਹੈ ਕਿ ਈਰਾਨ-ਇਜ਼ਰਾਈਲ ਜੰਗ ਨਾ ਸਿਰਫ ਯੂ ਏ ਈ, ਸਗੋਂ ਪੂਰੇ ਮੱਧ-ਪੂਰਬ ਨੂੰ ਪਿੱਛੇ ਧੱਕ ਰਹੀ ਹੈ। ਇਹ ਛੇਤੀ ਖਤਮ ਹੋਣੀ ਚਾਹੀਦੀ ਹੈ।