ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

0
192

ਮੰੁਬਈ : ਸੋਮਵਾਰ ਸਥਾਨਕ ਸਟਾਕ ਮਾਰਕੀਟ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।ਪੱਛਮੀ ਏਸ਼ੀਆ ’ਚ ਵਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਕਾਰਨ ਨਿਵੇਸ਼ਕਾਂ ਨੇ ਭਾਰੀ ਵਿਕਰੀ ਦਰਜ ਕੀਤੀ ਹੈ। ਸੈਂਸੈਕਸ 511.38 ਅੰਕ ਭਾਵ 0.62% ਦੀ ਗਿਰਾਵਟ ਨਾਲ 81,896.79 ਦੇ ਪੱਧਰ ’ਤੇ ਬੰਦ ਹੋਇਆ ਹੈ।ਇਸ ਦੇ ਨਾਲ ਹੀ ਸੈਂਸੈਕਸ ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।ਦੂਜੇ ਪਾਸੇ ਨਿਫਟੀ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 140.50 ਅੰਕ ਭਾਵ 0.56 ਫੀਸਦੀ ਦੀ ਗਿਰਾਵਟ ਨਾਲ 24,971.90 ਦੇ ਪੱਧਰ ’ਤੇ ਬੰਦ ਹੋਇਆ ਹੈ।ਬ੍ਰੈਂਟ ਕਰੂਡ ਫਿਊਚਰਜ਼ ਦੀ ਕੀਮਤ ਲੱਗਭੱਗ 2 ਫੀਸਦੀ ਵਧ ਕੇ 78 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਵਪਾਰ ਕਰ ਰਹੀ ਹੈ।ਇਸ ਦੇ ਨਾਲ ਹੀ ਕਰੂਡ ਦੀ ਕੀਮਤ 1.7 ਫੀਸਦੀ ਵਧ ਕੇ 75 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ।ਅਮਰੀਕਾ ਵੱਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਵਾਈ ਹਮਲੇ ਕਰਨ ਤੋਂ ਬਾਅਦ, ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ ਈਰਾਨੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ, ਜੋ ਕਿ ਪੂਰੀ ਦੁਨੀਆ ਲਈ ਤੇਲ ਦੀ ਸ਼ਿਪਮੈਂਟ ਲਈ ਇੱਕ ਮਹੱਤਵਪੂਰਨ ਰਸਤਾ ਹੈ।ਭਾਰਤ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਦਾ ਇੱਕ ਵੱਡਾ ਹਿੱਸਾ ਆਯਾਤ ਕਰਦਾ ਹੈ, ਇਸ ਲਈ ਕੀਮਤਾਂ ਵਿੱਚ ਵਾਧਾ ਭਾਰਤੀ ਅਰਥਵਿਵਸਥਾ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।ਭਾਰਤੀ ਸਟਾਕ ਮਾਰਕੀਟਾਂ ਦੇ ਖੁੱਲ੍ਹਣ ਤੋਂ ਪਹਿਲਾਂ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਗਿਰਾਵਟ ਨਾਲ ਵਪਾਰ ਕਰ ਰਹੇ ਸਨ।ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਲ ਨਿਸ਼ਾਨ ਵਿੱਚ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਕਮਜ਼ੋਰੀ ਨਾਲ ਬੰਦ ਹੋਏ ਅਤੇ ਵਾਲ ਸਟਰੀਟ ਫਿਊਚਰਜ਼ ਵੀ ਸੋਮਵਾਰ ਸਵੇਰੇ ਲਾਲ ਨਿਸ਼ਾਨ ਵਿੱਚ ਰਹੇ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 17 ਪੈਸੇ ਡਿੱਗ ਕੇ 86.72 ’ਤੇ ਆ ਗਈ।ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਘਰੇਲੂ ਸਟਾਕ ਬਾਜ਼ਾਰਾਂ ਵਿੱਚ ਗਿਰਾਵਟ ਕਾਰਨ ਰੁਪਏ ’ਤੇ ਦਬਾਅ ਹੈ।