ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ਪੰਜਾਬ ਕੈਬਨਿਟ ਵਿੱਚ ਵਿਸਤਾਰ ਦੀ ਤਿਆਰੀ ਖਿੱਚ ਲਈ ਹੈ। ਵਜ਼ਾਰਤ ਵਿਚ ਵਾਧੇ ਮੌਕੇ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ। ਅਰੋੜਾ ਦੀ ਜਿੱਤ ਦਾ ਮਤਲਬ ਹੈ ਕਿ ਉਹ ਹੁਣ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਤੇ ਪਾਰਟੀ ਦੇ ਕਿਸੇ ਸਿਖਰਲੇ ਆਗੂ ਲਈ ਰਾਜ ਸਭਾ ’ਚ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਪੰਜਾਬ ਵਜ਼ਾਰਤ ਵਿਚ ਵਾਧਾ ਬਹੁਤ ਜਲਦੀ ਹੋਣ ਦੀ ਉਮੀਦ ਹੈ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਚੁਣੇ ਜਾਣ ’ਤੇ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ। ਅਜਿਹੇ ਸਿਆਸੀ ਕਿਆਸ ਲਾਏ ਜਾ ਰਹੇ ਹਨ ਕਿ ਘੱਟੋਘੱਟ ਇੱਕ ਮੰਤਰੀ ਨੂੰ ਅਹੁਦਾ ਛੱਡਣ ਲਈ ਕਿਹਾ ਜਾ ਸਕਦਾ ਹੈ ਜਦੋਂਕਿ ਕੁਝ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਜਿੱਤਣ ਨਾਲ ‘ਆਪ’ ਦਾ ਮਨੋਬਲ ਵਧੇਗਾ ਕਿਉਂਕਿ ਪਾਰਟੀ ਇਸ ਸਾਲ ਫਰਵਰੀ ਦੇ ਸ਼ੁਰੂ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਸੀ। ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਚਾਨਕ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਲੋੜ ਪਈ ਸੀ। ਇਹ ਸੀਟ ‘ਆਪ’ ਲਈ ਵੱਕਾਰ ਦਾ ਸਵਾਲ ਸੀ।
ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਇੱਥੇ ਸਖਤ ਚੋਣ ਪ੍ਰਚਾਰ ਕੀਤਾ। ਇੱਥੋਂ ਤੱਕ ਕਿ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵੀ ਕਈ ਰੋਡ ਸ਼ੋਅ ਅਤੇ ਮੀਟਿੰਗਾਂ ਕੀਤੀਆਂ। ਲੁਧਿਆਣਾ ਪੱਛਮੀ ਹਲਕੇ ’ਚ ਕਰੀਬ 65 ਫੀਸਦ ਹਿੰਦੂ ਵੋਟਰ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਹੈ। ਇਨ੍ਹਾਂ ਨੂੰ ਰਵਾਇਤੀ ਭਾਜਪਾ ਵੋਟਰ ਮੰਨਿਆ ਜਾਂਦਾ ਹੈ। ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ 2012 ਅਤੇ 2017 ਵਿੱਚ ਇਥੋਂ ਜਿੱਤੇ ਸਨ, ਜਿਸ ਲਈ ‘ਆਪ’ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਰੀਬ 19 ਮਹੀਨੇ ਬਾਕੀ ਹੋਣ ਦੇ ਬਾਵਜੂਦ, ਵੋਟਰ ਸੱਤਾਧਾਰੀ ਪਾਰਟੀ ਦੇ ਨਾਲ ਚਲੇ ਗਏ, ਜਿਸ ਨਾਲ ‘ਆਪ’ ਨੂੰ ਬਹੁਤ ਲੋੜੀਂਦੀ ਸਿਆਸੀ ਜਿੱਤ ਮਿਲੀ ਹੈ।




