ਸ਼ਾਹਕੋਟ (ਗਿਆਨ ਸੈਦਪੁਰੀ)
‘ਪੰਜਾਬ ਵਿੱਚ ਜਮਹੂਰੀਅਤ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਪੁਲਸ, ਅਫ਼ਸਰਸ਼ਾਹੀ ਅਤੇ ਹਾਕਮ ਧਿਰ ਦੀ ਤਿੱਕੜੀ ਪੰਜਾਬ ਨੂੰ ਲੁੱਟਣ ਦੇ ਰਾਹ ਪਈ ਹੋਈ ਹੈ। ਪੰਜਾਬ ਬੁਰੀ ਤਰ੍ਹਾਂ ਅਰਾਜਕਤਾ ਵੱਲ ਵਧ ਰਿਹਾ ਹੈ। ਪੰਜਾਬ ਦੇ ਸੱਭਿਆਚਾਰ, ਆਰਥਿਕਤਾ ਅਤੇ ਇੱਥੋਂ ਦੀ ਸਿਆਸਤ ਦੀ ਜਾਣਕਾਰੀ ਤੋਂ ਕੋਰੇ ਆਗੂਆਂ ਨੂੰ ਪੰਜਾਬ ਸੌਂਪ ਦਿੱਤਾ ਗਿਆ ਹੈ। ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੀਮਤ ’ਤੇ ਵੱਡੇ-ਵੱਡੇ ਸਨਅਤਕਾਰਾਂ ਦੀਆਂ ਤਿਜੌਰੀਆਂ ਭਰੀਆਂ ਜਾ ਰਹੀਆਂ ਹਨ।’
ਉਕਤ ਸਾਰ ਤੱਥ ਹੈ ਸੀ ਪੀ ਆਈ ਦੀ ਪੰਜਾਬ ਇਕਾਈ ਦੀ ਲੁਧਿਆਣਾ ਵਿੱਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਪੰਜਾਬ ਦੇ ਹਾਲਾਤ ਬਾਰੇ ਕੀਤੇ ਮੰਥਨ ਦਾ।
ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿੱਥੇ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ, ਉੱਥੇ ਕੌਮੀ ਅਤੇ ਕੌਮਾਂਤਰੀ ਹਾਲਾਤ ਨੂੰ ਵੀ ਵਿਚਾਰਿਆ ਗਿਆ। ਇਸ ਦੇ ਨਾਲ ਹੀ ਪੰਜਾਬ ਦੀ ਦਿਨੋ-ਦਿਨ ਨਿੱਘਰ ਰਹੀ ਸਿਆਸੀ, ਸਮਾਜੀ ਅਤੇ ਆਰਥਿਕ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ। ਇਸੇ ਸੰਦਰਭ ਵਿੱਚ ਕਮਿਊਨਿਸਟ ਆਗੂਆਂ ਨੇ ਜਮਹੂਰੀ ਅਤੇ ਸੈਕੂਲਰ ਧਿਰਾਂ ਨੂੰ ਜ਼ੋਰਦਾਰ ਸੱਦਾ ਦਿੱਤਾ ਹੈ ਤਾਂ ਕਿ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੀ ਪੰਜਾਬ ਨੂੰ ਔਝੜੇ ਰਾਹੀਂ ਪਾਉਣ ਲਈ ਤੱਤਪਰ ਹਨ।
ਪੰਜਾਬ ਸਰਕਾਰ ਦੇ ਸ਼ਹਿਰੀ ਜਾਇਦਾਦਾਂ ਨੂੰ ਐਕੁਆਇਰ ਕਰਨ ਵਰਗੇ ਨਵੇਂ-ਨਵੇਂ ਫੈਸਲੇ ਦਰਸਾਉਂਦੇ ਹਨ ਕਿ ਹਾਕਮ ਖੁਦ ਹੀ ਪ੍ਰਾਪਰਟੀ ਡੀਲਰ ਬਣ ਕੇ ਪੰਜਾਬ ਦੀਆਂ ਜਾਇਦਾਦਾਂ ਲੁੱਟਣ ਦੇ ਰਾਹ ਪਏ ਹੋਏ ਹਨ।
ਮੀਟਿੰਗ ਵਿੱਚ ਪਾਰਟੀ ਕਾਂਗਰਸ ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋ ਰਹੀ ਹੈ, ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਵੀ ਸੰਜੀਦਾ ਵਿਚਾਰ-ਵਟਾਂਦਰਾ ਹੋਇਆ। ਪਾਰਟੀ ਕਾਂਗਰਸ ਦੇ ਪ੍ਰਚਾਰ ਅਤੇ ਇਸ ਦੇ ਮਹੱਤਵ ਨੂੰ ਦਰਸਾਉਣ ਲਈ ਜੁਲਾਈ ਵਿੱਚ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਹ ਸੈਮੀਨਾਰ ਅੰਮਿ੍ਰਤਸਰ, ਮੋਗਾ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਵਿਖੇ ਕੀਤੇ ਜਾਣਗੇ। ਇਨ੍ਹਾਂ ਸੈਮੀਨਾਰਾਂ ਦੀ ਸਫ਼ਲਤਾ ਲਈ ਸੂਬਾ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਾ ਦਿੱਤੀਆਂ ਗਈਆਂ ਹਨ।
ਇਸੇ ਤਰ੍ਹਾਂ ਲੋਕਾਂ ਵਿੱਚ ਪਾਰਟੀ ਕਾਂਗਰਸ ਦੀ ਗੱਲ ਲਿਜਾਣ ਹਿੱਤ 21 ਤੋਂ 31 ਅਗਸਤ ਤੱਕ ਵੱਖ-ਵੱਖ ਸ਼ਹਿਰਾਂ ਤੋਂ ਜਥੇ ਰਵਾਨਾ ਹੋਣਗੇ। ਇਨ੍ਹਾਂ ਜਥਿਆਂ ਵਿੱਚ ਇੱਕ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਸਥਾਨ ਭਕਨਾ ਤੋਂ, ਦੂਸਰਾ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਤੋਂ ਅਤੇ ਤੀਸਰਾ ਜਥਾ ਲੁਧਿਆਣਾ ਤੋਂ ਚੱਲੇਗਾ। ਸੂਬਾ ਸਕੱਤਰੇਤ ਅਤੇ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਜਗਰੂਪ, ਨਿਰਮਲ ਸਿੰਘ ਧਾਲੀਵਾਲ, ਨਰਿੰਦਰ ਸੋਹਲ, ਅਮਰਜੀਤ ਸਿੰਘ ਆਸਲ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਬਲਦੇਵ ਸਿੰਘ ਨਿਹਾਲਗੜ੍ਹ, ਸੁਖਦੇਵ ਸ਼ਰਮਾ, ਬਲਕਰਨ ਸਿੰਘ ਬਰਾੜ ਅਤੇ ਕਸ਼ਮੀਰ ਸਿੰਘ ਗਦਾਈਆ ਆਦਿ ਸ਼ਾਮਲ ਸਨ।





