ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਚਾਣਚੱਕ ਐਲਾਨ ਕਰਨ ਵਾਂਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦਾ ਵੀ ਸਭ ਤੋਂ ਪਹਿਲਾਂ ਐਲਾਨ ਕੀਤਾ। ਹਾਲਾਂਕਿ ਜੰਗ ਛੇੜਨ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਜੰਗਬੰਦੀ ਦਾ ਇਹ ਕਹਿੰਦਿਆਂ ਸੰਕੇਤ ਦਿੱਤਾ ਸੀ ਕਿ ਉਹ ਖੇਤਰੀ ਜੰਗ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਇਜ਼ਰਾਈਲ ਈਰਾਨ ਵਿੱਚ ਆਪਣਾ ਟੀਚਾ ਪੂਰਾ ਕਰਨ ਦੇ ਕਰੀਬ ਹੈ। ਇਜ਼ਰਾਈਲ ਨੇ ‘ਅਪ੍ਰੇਸ਼ਨ ਰਾਈਜ਼ਿੰਗ ਲਾਈਨ’ ਦੇ ਨਾਂਅ ਨਾਲ ਈਰਾਨ ’ਤੇ 13 ਜੂਨ ਨੂੰ ਕੀਤੇ ਹਵਾਈ ਹਮਲਿਆਂ ਨਾਲ ਉਸ ਦੇ ਪ੍ਰਮਾਣੂ ਅਦਾਰਿਆਂ ਤੇ ਫੌਜੀ ਟਿਕਾਣਿਆਂ ਨੂੰ ਕਾਫੀ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਸ ਦਾ ਜਾਨੀ ਨੁਕਸਾਨ ਵੀ ਕਾਫੀ ਕੀਤਾ। ਈਰਾਨ ਨੇ ਵੀ ਠੋਕਵਾਂ ਜਵਾਬ ਦਿੰਦਿਆਂ ਤੇਲ ਅਵੀਵ ਤੇ ਹਾਈਫਾ ’ਚ ਬੁਨਿਆਦੀ ਢਾਂਚਿਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਹਾਈਫਾ ਵਿੱਚ 61 ਇਮਾਰਤਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਜ਼ਰਾਈਲ ਦੀ ਬਜਾਨ ਵਿਖੇ ਤੇਲ ਰਿਫਾਇਨਰੀ ਦਾ ਵੀ ਨੁਕਸਾਨ ਕੀਤਾ, ਜਿਹੜੀ ਇਜ਼ਰਾਈਲ ਦੀ 60 ਫੀਸਦੀ ਈਂਧਨ ਦੀ ਲੋੜ ਪੂਰੀ ਕਰਦੀ ਹੈ। ਇਜ਼ਰਾਈਲ ਦੇ ਵਿੱਚੋ-ਵਿੱਚ ਈਰਾਨੀ ਮਿਜ਼ਾਈਲਾਂ ਡਿੱਗਦੀਆਂ ਰਹੀਆਂ। ਇੱਥੋਂ ਤੱਕ ਕਿ ਉਸ ਦੀ ਜਾਸੂਸੀ ਏਜੰਸੀ ਮੋਸਾਦ ਦਾ ਦਫਤਰ ਵੀ ਹਮਲੇ ਦੀ ਲਪੇਟ ਵਿੱਚ ਆਇਆ।
ਸਰਕਰਦਾ ਅਮਰੀਕੀ ਅਖਬਾਰ ‘ਵਾਲ ਸਟਰੀਟ ਜਰਨਲ’ ਮੁਤਾਬਕ ਇਜ਼ਰਾਈਲ ਜੰਗ ਲੰਮੀ ਹੋਣ ਕਰਕੇ ਆਪਣੀ ਮਿਜ਼ਾਈਲ ਰੱਖਿਆ ਪ੍ਰਣਾਲੀ ਤੇ ਆਇਰਨ ਡੋਮ ’ਤੇ ਵਧ ਰਹੇ ਦਬਾਅ ਨੂੰ ਦੇਖਦਿਆਂ ਜੰਗ ਜਾਰੀ ਰੱਖਣ ਦੇ ਖੁਦ ਨੂੰ ਯੋਗ ਨਹੀਂ ਸਮਝ ਰਿਹਾ ਸੀ। ਇਜ਼ਰਾਈਲ ਕੋਲ ਈਰਾਨੀ ਮਿਜ਼ਾਈਲਾਂ ਨੂੰ ਰੋਕਣ ਲਈ ਏਅਰੋ-3 ਇੰਟਰਸੈਪਟਰਜ਼ ਦੀ ਵੀ ਕਮੀ ਹੋ ਰਹੀ ਸੀ ਤੇ ਈਰਾਨ ਦੇ ਹਮਲੇ ਜਾਰੀ ਰਹਿੰਦੇ ਤਾਂ ਉਸ ਦੀ ਰੱਖਿਆ ਪ੍ਰਣਾਲੀ ਕਮਜ਼ੋਰ ਪੈ ਜਾਣੀ ਸੀ। ਨੇਤਨਯਾਹੂ ਦੀ ਜੰਗਬੰਦੀ ਲਈ ਕਾਹਲ ਪਿੱਛੇ ਇਜ਼ਰਾਈਲ ਦੀ ਅਰਥ ਵਿਵਸਥਾ ਖਰਾਬ ਹੋਣਾ ਤੇ ਲੋਕਾਂ ਦੇ ਹੌਸਲੇ ਪਸਤ ਹੋਣਾ ਵੀ ਹੈ। ਇਜ਼ਰਾਈਲ ਵਿੱਚ ਨੇਤਨਯਾਹੂ ਖਿਲਾਫ ਮੁਜ਼ਾਹਰੇ ਆਮ ਹੋਣ ਲੱਗ ਪਏ ਸਨ। ਲੋਕ ਕੰਮਕਾਰ ਛੱਡ ਕੇ ਬੰਕਰਾਂ ਵਿੱਚ ਰਹਿਣ ਤੋਂ ਦੁਖੀ ਹੋ ਗਏ ਸਨ।
ਇਸ ਜੰਗ ਵਿੱਚ ਅਮਰੀਕਾ ਨੇ ਈਰਾਨੀ ਪ੍ਰਮਾਣੂ ਅਦਾਰਿਆਂ ’ਤੇ ਹਮਲੇ ਕਰਕੇ ਉਸ ਦਾ ਸਾਥ ਦਿੱਤਾ। ਇਸ ਦਾ ਜਵਾਬ ਈਰਾਨ ਨੇ ਕਤਰ ਤੇ ਇਰਾਕ ਵਿਚਲੇ ਅਮਰੀਕੀ ਅੱਡਿਆਂ ’ਤੇ ਮਿਜ਼ਾਈਲਾਂ ਦਾਗ ਕੇ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਅਮਰੀਕਾ ’ਤੇ ਜੰਗ ਫੌਰੀ ਰੋਕਣ ਦਾ ਦਬਾਅ ਬਣਾਇਆ ਤੇ ਟਰੰਪ ਨੂੰ ਵੀ ਮਹਿਸੂਸ ਹੋਇਆ ਕਿ ਜੰਗ ਜਾਰੀ ਰਹੀ ਤਾਂ ਉਸ ਦੇ ਮੱਧ-ਪੂਰਬ ਵਿਚਲੇ ਯਾਰ ਵੀ ਈਰਾਨੀ ਮਿਜ਼ਾਈਲਾਂ ਦੀ ਲਪੇਟ ’ਚ ਆ ਸਕਦੇ ਹਨ। ਜੰਗ ਵਿੱਚ ਕੁੱਦਣ ਵਿਰੁੱਧ ਟਰੰਪ ਖਿਲਾਫ ਵੀ ਅਮਰੀਕਾ ’ਚ ਮੁਜ਼ਾਹਰੇ ਹੋਏ ਸਨ।



