ਸਵਰਨ ਕੌਰ ਢੋਟੀਆਂ ਦੀ ਮੌਤ ਦਾ ਕਮਿਊਨਿਸਟ ਲਹਿਰ ਨੂੰ ਵੱਡਾ ਘਾਟਾ : ਮਾੜੀਮੇਘਾ, ਸੋਹਲ

0
188

ਤਰਨ ਤਾਰਨ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਜੁਝਾਰੂ ਭੈਣ ਸਵਰਨ ਕੌਰ ਢੋਟੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਹਨਾ ਦੀ ਹੋਈ ਅਚਾਨਕ ਮੌਤ ਨਾਲ ਉਹਨਾ ਦੇ ਪਰਵਾਰ ਤੇ ਸੀ ਪੀ ਆਈ ਨੂੰ ਵੱਡਾ ਘਾਟਾ ਪਿਆ ਹੈ। ਸਵਰਨ ਕੌਰ ਦਾ ਪਤੀ ਕਾਮਰੇਡ ਬੂਟਾ ਸਿੰਘ ਢੋਟੀਆਂ ਸੀ ਪੀ ਆਈ ਦਾ ਜ਼ਿਲ੍ਹਾ ਕੌਂਸਲ ਮੈਂਬਰ ਜ਼ਿੰਦਾ ਸ਼ਹੀਦ ਹਨ । ਆਗੂਆਂ ਨੇ ਕਿਹਾ ਕਿ ਕਮਿਊਨਿਸਟ ਸ਼ਹੀਦਾਂ ਦਾ ਇਹ ਘਰ ਜਦੋਂ ਪੰਜਾਬ ਵਿੱਚ 1985-86 ਵਿੱਚ ਫਿਰਕੂ ਜਨੂੰਨ ਦੀ ਹਨੇਰੀ ਚੱਲ ਰਹੀ ਸੀ, ਉਸ ਵਕਤ ਫਿਰਕੂ ਦਰਿੰਦਿਆਂ ਦਾ ਜ਼ੁਲਮ ਰੋਕਣ ਵਾਸਤੇ ਇੱਕ ਅੱਡਾ ਸੀ। ਇੱਕ ਦਿਨ ਜਨੂੰਨੀਆਂ ਨੇ ਜ਼ਿਆਦੀ ਤਾਕਤ ਇਕੱਠੀ ਕਰਕੇ ਜਦੋਂ ਕਮਿਊਨਿਸਟਾਂ ਦੇ ਇਸ ਅੱਡੇ ’ਤੇ ਹਮਲਾ ਕੀਤਾ ਤਾਂ ਸਵਰਨ ਕੌਰ ਦਾ ਦਿਓਰ ਦਿਲਬਾਗ ਸਿੰਘ ਅਤੇ ਇਸ ਅੱਡੇ ਦੀ ਰਖਵਾਲੀ ਕਰਦੇ ਪ੍ਰਗਟ ਸਿੰਘ ਨੰਦਪੁਰ ਅਤੇ ਬਿੱਟੂ ਸਖੀਰਾ ਸ਼ਹੀਦ ਹੋ ਗਏ ਸਨ। ਫਾਇਰਿੰਗ ਵਿੱਚ ਬੂਟਾ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਸਨ। ਬੂਟਾ ਸਿੰਘ ਦੇ ਮੂੰਹ ’ਤੇ ਗੋਲੀਆਂ ਵੱਜੀਆਂ ਤੇ ਜਬਾੜ੍ਹਾ ਉਡ ਗਿਆ, ਪਰ ਜਾਨ ਬਚ ਗਈ। ਆਗੂਆਂ ਨੇ ਕਿਹਾ ਕਿ ਸ਼ਹੀਦ ਸਾਥੀ ਸਰਬ ਭਾਰਤ ਨੌਜਵਾਨ ਸਭਾ ਦੇ ਸਰਗਰਮ ਵਰਕਰ ਸਨ ਅਤੇ ਪਿੰਡ ਢੋਟੀਆਂ ਵਿੱਚ ਨੌਜਵਾਨ ਸਭਾ ਦੀਆਂ ਆਮ ਹੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਇਸ ਵੇਲੇ ਬੂਟਾ ਸਿੰਘ ਦਾ ਘਰ ਪੰਜਾਬ ਖੇਤ ਮਜ਼ਦੂਰ ਸਭਾ ਦਾ ਅੱਡਾ ਹੈ, ਇਸ ਘਰ ਵਿੱਚ ਹੀ ਆਮ ਤੌਰ ’ਤੇ ਮੀਟਿੰਗਾਂ ਹੁੰਦੀਆਂ ਹਨ।