ਆਈਫੋਨ ਖਾਤਰ ਮੁੰਡਾ ਮਾਰ’ਤਾ

0
112

ਬਹਿਰਾਈਚ : ਦੋ ਨਾਬਾਲਗਾਂ ਨੇ ਰੀਲ੍ਹਾਂ ਬਣਾਉਣ ਲਈ ਆਈਫੋਨ ਹਾਸਲ ਕਰਨ ਖਾਤਰ 20 ਜੂਨ ਨੂੰ ਇੱਕ ਮੁੰਡੇ ਦੀ ਹੱਤਿਆ ਕਰ ਦਿੱਤੀ। ਸ਼ਾਦਾਬ (19), ਜੋ ਕਿ ਬੇਂਗਲੁਰੂ ਵਿੱਚ ਰਹਿੰਦਾ ਸੀ, ਆਪਣੇ ਮਾਮੇ ਦੇ ਵਿਆਹ ਲਈ ਬਹਿਰਾਈਚ ਦੇ ਆਪਣੇ ਜੱਦੀ ਪਿੰਡ ਨਾਗੌਰ ਆਇਆ ਸੀ। ਏ ਡੀ ਸੀ ਪੀ ਰਾਮ ਪ੍ਰਸਾਦ ਖੁਸ਼ਵਾਹਾ ਨੇ ਦੱਸਿਆ ਕਿ 21 ਜੂਨ ਨੂੰ ਸ਼ਾਦਾਬ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਉਪਰੰਤ ਉਸ ਦੀ ਲਾਸ਼ ਪਿੰਡ ਦੇ ਬਾਹਰ ਅਮਰੂਦ ਦੇ ਬਾਗ ਵਿੱਚ ਖਸਤਾ ਹਾਲਤ ਟਿਊਬਵੈੱਲ ਕੋਲ ਮਿਲੀ। ਸ਼ਾਦਾਬ ਦਾ ਗਲਾ ਚਾਕੂ ਨਾਲ ਕੱਟਿਆ ਹੋਇਆ ਸੀ ਅਤੇ ਉਸ ਦੇ ਸਿਰ ’ਤੇ ਇੱਟਾਂ ਮਾਰੀਆਂ ਹੋਈਆਂ ਸਨ। ਜਾਂਚ ਦੌਰਾਨ 14 ਅਤੇ 16 ਸਾਲਾ ਦੋ ਮੁੰਡਿਆਂ ਨੂੰ ਗਿ੍ਰਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਹਾਂ ਨੇ ਮੰਨਿਆ ਕਿ ਵਧੀਆ ਵੀਡੀਓਜ਼ (ਰੀਲ੍ਹਾਂ) ਬਣਾਉਣ ਲਈ ਉਨ੍ਹਾਂ ਨੂੰ ਹਾਈ ਕੁਆਲਿਟੀ ਫੋਨ ਦੀ ਲੋੜ ਸੀ, ਜਿਸ ਕਾਰਨ ਉਨ੍ਹਾਂ ਸ਼ਾਦਾਬ ਦਾ ਫੋਨ ਹਾਸਲ ਕਰਨ ਲਈ ਉਸ ਦਾ ਕਤਲ ਕਰਨ ਦੀ ਰਣਨੀਤੀ ਬਣਾਈ। ਘਟਨਾ ਵਾਲੀ ਰਾਤ ਉਹ ਰੀਲ੍ਹਾਂ ਬਣਾਉਣ ਦੇ ਬਹਾਨੇ ਸ਼ਾਦਾਬ ਨੂੰ ਪਿੰਡ ਦੇ ਬਾਹਰਵਾਰ ਲੈ ਗਏੇ। ਉੱਥੇ ਦੋਹਾਂ ਨੇ ਉਸ ਨੂੰ ਮਾਰ ਦਿੱਤਾ।
ਪੁਲਸ ਨੇ ਨਾਬਾਲਗਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਸਮੇਤ ਚਾਰ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਲਾਸ਼ ਮਿਲਣ ਤੋਂ ਬਾਅਦ ਨਾਬਾਲਗ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਆਪਣੇ ਘਰਾਂ ਤੋਂ ਭੱਜ ਗਏ ਸਨ, ਪਰ ਵੀਰਵਾਰ ਨੂੰ ਦੋਵਾਂ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮ ਦੇ ਇੱਕ ਰਿਸ਼ਤੇਦਾਰ, ਜਿਸ ਨੇ ਕਥਿਤ ਤੌਰ ’ਤੇ ਹਥਿਆਰ ਲੁਕਾਉਣ ਵਿੱਚ ਮਦਦ ਕੀਤੀ ਸੀ, ਨੂੰ ਸ਼ੁੱਕਰਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ। ਚੌਥੇ ਦੀ ਭਾਲ ਜਾਰੀ ਹੈ।