ਪਾਰਟੀ ਕਾਂਗਰਸ ਦੀ ਤਿਆਰੀ ਸੰਬੰਧੀ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕਨਵੈਨਸ਼ਨ 18 ਨੂੰ

0
136

ਤਰਨ ਤਾਰਨ (ਗਿਆਨ ਸੈਦਪੁਰੀ)
‘ਪੰਜਾਬ ਖੇਤ ਮਜ਼ਦੂਰ ਸਭਾ ਹਮੇਸ਼ਾ ਹੀ ਪਾਰਟੀ ਵੱਲੋਂ ਲਾਈ ਗਈ ਹਰੇਕ ਜ਼ਿੰਮੇਵਾਰੀ ਆਪਣੀ ਸਮਰੱਥਾ ਅਨੁਸਾਰ ਤਨਦੇਹੀ ਨਾਲ ਨਿਭਾਉਂਦੀ ਆਈ ਹੈ। ਇਸੇ ਸਿਲਸਿਲੇ ਤਹਿਤ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਹੋ ਰਹੀ ਪਾਰਟੀ ਕਾਂਗਰਸ ਦੇ ਇਤਿਹਾਸਕ ਪਲਾਂ ਦੀ ਗਵਾਹ ਬਣਨ ਲਈ ਜਥੇਬੰਦੀ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਤਪਰ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕੀਤਾ। ਉਹ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਸਾਥੀਆਂ ਨਾਲ ਕੀਤੇ ਸਲਾਹ-ਮਸ਼ਵਰੇ ਤੋਂ ਬਾਅਦ ਪਾਰਟੀ ਕਾਂਗਰਸ ਦੀ ਤਿਆਰੀ ਲਈ 18 ਜੁਲਾਈ ਨੂੰ ਮਾਝਾ ਜ਼ੋਨ ਦੀ ਕਨਵੈਨਸ਼ਨ ਰੱਖ ਲਈ ਗਈ ਹੈ। ਇਹ ਕਨਵੈਨਸ਼ਨ ਰਾਮਗੜ੍ਹੀਆ ਬੰੁਗਾ ਤਰਨ ਤਾਰਨ ਵਿਖੇ ਹੋਵੇਗੀ। ਉਨ੍ਹਾ ਕਿਹਾ ਕਿ ਪਾਰਟੀ ਦੇ ਮਹਾਂ-ਸੰਮੇਲਨ ਮੌਕੇ ਮੁਹਾਲੀ ਵਿੱਚ ਕੀਤੀ ਜਾਣ ਵਾਲੀ ਇਤਿਹਾਸਕ ਰੈਲੀ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਸਰਗਰਮ ਹਿੱਸਾ ਲਵੇਗੀ। ਸਰਹਾਲੀ ਕਲਾਂ ਨੇ ਕਿਹਾ ਕਿ ਸਭਾ ਨੂੰ ਪਾਰਟੀ ਕਾਂਗਰਸ ਲਈ ਲਾਏ ਫੰਡ ਕੋਟੇ ਦਾ ਬਕਾਇਆ ਜਲਦੀ ਜਮ੍ਹਾਂ ਕਰਵਾ ਦਿੱਤਾ ਜਾਵੇਗਾ।
9 ਜੁਲਾਈ ਦੀ ਦੇਸ਼-ਵਿਆਪੀ ਹੜਤਾਲ ਦੀ ਗੱਲ ਕਰਦਿਆਂ ਸਰਹਾਲੀ ਕਲਾਂ ਨੇ ਕਿਹਾ ਕਿ 29 ਕਿਰਤ ਕਨੂੰਨਾਂ ਦੀ ਥਾਂ ਚਾਰ ਲੇਬਰ ਕੋਡ ਬਣਾਉਣ ਦੇ ਮਜ਼ਦੂਰ ਵਿਰੋਧੀ ਕਾਰੇ ਵਿਰੁੱਧ ਅਤੇ ਹਰ ਖੇਤਰ ਦੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ਵਿੱਚ ਇਸ ਦਿਨ ਥਾਂ-ਥਾਂ ਆਪੋ ਆਪਣੇ ਢੰਗ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਇਸ ਹੜਤਾਲ ਵਿੱਚ ਸਰਗਰਮ ਭੂਮਿਕਾ ਨਿਭਾਏਗੀ। ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜੁਗਿੰਦਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੇ ਸ਼ੁਰੂ ਵਿੱਚ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਸ਼ੋਕ ਮਤਾ ਪੇਸ਼ ਕੀਤਾ। ਇਸ ਮਤੇ ਵਿੱਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਸੁਤੰਤਰ ਕੁਮਾਰ, ਸਵਰਨ ਕੌਰ ਢੋਟੀਆਂ, ਜਸਵਿੰਦਰ ਕੌਰ ਘੁਰਕਵਿੰਡ ਅਤੇ ਹੋਰ ਸਾਥੀਆਂ ਦੇ ਨਾਂਅ ਸ਼ਾਮਲ ਸਨ। ਵਿਛੋੜਾ ਦੇ ਗਏ ਇਨ੍ਹਾਂ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਨੂੰ ਰਛਪਾਲ ਸਿੰਘ ਘੁਰਕਵਿੰਡ ਅਤੇ ਮੇਜਰ ਸਿੰਘ ਦਾਰਾਪੁਰ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੱਪਾ ਮਸੀਹ, ਜਸਪਾਲ ਸਿੰਘ ਚੂਸਲੇਵਾੜ, ਗੁਰਵਿੰਦਰ ਸਿੰਘ ਬਾਕਰਪੁਰ, ਸਰਵਣ ਸਿੰਘ, ਸਰਬਜੀਤ ਕੌਰ ਕਿਰਤੋਵਾਲ, ਸਰਬਜੀਤ ਕੌਰ ਕਲੇਰ, ਜਸਪਾਲ ਸਿੰਘ ਫਤਿਆਬਾਦ, ਬਲਵਿੰਦਰ ਸਿੰਘ ਭਰੋਵਾਲ, ਬਲਜਿੰਦਰ ਸਿੰਘ ਸਰਹਾਲੀ ਕਲਾਂ ਅਤੇ ਸੁਖਜਿੰਦਰ ਸਿੰਘ ਕੰਡਿਆਲਾ ਕਲਾਂ ਆਦਿ ਹਾਜ਼ਰ ਸਨ।