ਬਠਿੰਡਾ : ਸਿਹਤ ਵਿਭਾਗ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਥਿਤ 30 ਲੱਖ ਰੁਪਏ ਦੇ ਤੇਲ ਘੁਟਾਲੇ ਦੇ ਸੰਬੰਧ ਵਿੱਚ ਸੁਨਾਮ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਡਾ. ਗੁਰਮੇਲ ਸਿੰਘ, ਜੂਨੀਅਰ ਅਸਿਸਟੈਂਟ ਸ਼ੀਨਮ ਸਿੰਗਲਾ ਤੇ ਡੇਟਾ ਐਂਟਰੀ ਅਪ੍ਰੇਟਰ ਜਗਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਜਾਣਕਾਰੀ ਬਠਿੰਡਾ ਦੇ ਸੀ ਐੱਮ ਓ ਡਾ: ਰਮਨਦੀਪ ਸਿੰਘ ਨੇ ਦਿੱਤੀ। ਸੂਤਰਾਂ ਅਨੁਸਾਰ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਲਈ ਤੇਲ ਦੇ ਬਿੱਲ ਮਨਜ਼ੂਰ ਕੀਤੇ ਗਏ ਸਨ, ਪਰ ਵਾਹਨ ਵਰਤੋਂ ਵਿੱਚ ਨਹੀਂ ਸਨ। ਵਿਜੀਲੈਂਸ ਬਿਊਰੋ ਨੇ ਝੂਠੇ ਤੇਲ ਕਲੇਮਾਂ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ, ਸੰਬੰਧਤ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲੱਗਾ ਹੈ ਕਿ ਘੁਟਾਲੇ ਨਾਲ ਜੁੜੀਆਂ ਮੁੱਢਲੀਆਂ ਸ਼ਿਕਾਇਤਾਂ ਤੋਂ ਬਾਅਦ ਡਾ. ਗੁਰਮੇਲ ਨੂੰ ਪਹਿਲਾਂ ਹੀ ਬਠਿੰਡਾ ਤੋਂ ਸੁਨਾਮ ਤਬਦੀਲ ਕਰ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਹੋਰ ਅਧਿਕਾਰੀ ਵੀ ਵਿਜੀਲੈਂਸ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ।



