ਨਿਊਯਾਰਕ : ਭਾਰਤੀ ਮੂਲ ਦੇ ਨਿਊਯਾਰਕ ਸਿਟੀ ਦੇ ਡੈਮੋਕ੍ਰੇਟਿਕ ਮੇਅਰ ਪ੍ਰਾਇਮਰੀ ਵਿੱਚ ਜਿੱਤ ਹਾਸਲ ਕਰ ਚੁੱਕੇ ਜ਼ੋਹਰਾਨ ਮਮਦਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗਿ੍ਰਫਤਾਰੀ ਅਤੇ ਨਾਗਰਿਕਤਾ ਖੋਹਣ ਦੀ ਧਮਕੀ ’ਤੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਟਰੰਪ ਦਾ ਇਹ ਰਵੱਈਆ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਟਰੰਪ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਈਵੈਂਟ ਦੌਰਾਨ ਮਮਦਾਨੀ ਨੂੰ ਕਮਿਊਨਿਸਟ ਅਤੇ ਪਾਗਲ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਸੰਭਵ ਤੌਰ ’ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਟਰੰਪ ਨੇ ਧਮਕੀ ਦਿੱਤੀ ਕਿ ਜੇ ਮਮਦਾਨੀ ਨੇ ਯੂ ਐੱਸ ਇਮੀਗ੍ਰੇਸ਼ਨ ਏਜੰਸੀ (ਆਈ ਸੀ ਈ) ਦੇ ਕੰਮ ਵਿੱਚ ਰੁਕਾਵਟ ਪਾਈ ਤਾਂ ਉਸ ਨੂੰ ਗਿ੍ਰਫਤਾਰ ਕਰਕੇ ਡਿਟੈਂਸ਼ਨ ਕੈਂਪ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ। ਮਮਦਾਨੀ ਨੇ ਟਰੰਪ ਦੀਆਂ ਟਿੱਪਣੀਆਂ ’ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕਿਹਾ, ‘‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨੇ ਮੈਨੂੰ ਗਿ੍ਰਫਤਾਰ ਕਰਵਾਉਣ, ਮੇਰੀ ਨਾਗਰਿਕਤਾ ਖੋਹਣ ਅਤੇ ਡਿਟੈਂਸ਼ਨ ਕੈਂਪ ਵਿੱਚ ਪਾਉਣ ਦੀ ਧਮਕੀ ਦਿੱਤੀ ਹੈ, ਉਹ ਵੀ ਉਦੋਂ ਜਦੋਂ ਮੈਂ ਕੋਈ ਕਾਨੂੰਨ ਨਹੀਂ ਤੋੜਿਆ। ਇਹ ਸਿਰਫ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਆਈ ਸੀ ਈ ਨੂੰ ਸਾਡੇ ਸ਼ਹਿਰ ਵਿੱਚ ਅੱਤਵਾਦ ਫੈਲਾਉਣ ਤੋਂ ਰੋਕਾਂਗਾ।’’ ਉਨ੍ਹਾ ਅੱਗੇ ਕਿਹਾ, ‘‘ਇਹ ਨਾ ਸਿਰਫ ਲੋਕਤੰਤਰ ’ਤੇ ਹਮਲਾ ਹੈ, ਬਲਕਿ ਹਰ ਉਸ ਨਿਊਯਾਰਕ ਵਾਸੀ ਨੂੰ ਡਰਾਉਣ ਦੀ ਕੋਸ਼ਿਸ਼ ਹੈ, ਜੋ ਅਨਿਆਂ ਵਿਰੁੱਧ ਬੋਲਦਾ ਹੈ, ਪਰ ਅਸੀਂ ਡਰਾਂਗੇ ਨਹੀਂ, ਅਸੀਂ ਲੜਾਂਗੇ।’’
ਮਮਦਾਨੀ ਨੇ ਨਿਊਯਾਰਕ ਦੇ ਮੌਜੂਦਾ ਮੇਅਰ ਐਰਿਕ ਐਡਮਜ਼ ’ਤੇ ਵੀ ਨਿਸ਼ਾਨਾ ਸੇਧਿਆ, ਜਿਨ੍ਹਾ ਦੀ ਟਰੰਪ ਨੇ ਹਾਲ ਹੀ ਵਿੱਚ ਪ੍ਰਸੰਸਾ ਕੀਤੀ ਸੀ। ਮਮਦਾਨੀ ਨੇ ਕਿਹਾ ਕਿ ‘‘ਟਰੰਪ ਵੱਲੋਂ ਐਰਿਕ ਐਡਮਜ਼ ਦੀ ਤਾਰੀਫ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਮੇਅਰ ਦਾ ਕਾਰਜਕਾਲ ਹੁਣ ਖਤਮ ਹੋਣਾ ਚਾਹੀਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਰਿਪਬਲਿਕਨ ਲੋਕ ਸਮਾਜਿਕ ਸੁਰੱਖਿਆ ਯੋਜਨਾਵਾਂ ਖਤਮ ਕਰਨਾ ਚਾਹੁੰਦੇ ਹਨ ਅਤੇ ਗਰੀਬਾਂ ਤੋਂ ਖੋਹ ਕੇ ਅਰਬਪਤੀਆਂ ਨੂੰ ਦੇਣਾ ਚਾਹੁੰਦੇ ਹਨ, ਐਰਿਕ ਐਡਮਜ਼ ਦਾ ਟਰੰਪ ਦੀ ਭਾਸ਼ਾ ਬੋਲਣਾ ਸ਼ਰਮਨਾਕ ਹੈ।’’
ਨਵੰਬਰ ਵਿੱਚ ਹੋਣ ਵਾਲੀਆਂ ਨਿਊਯਾਰਕ ਸਿਟੀ ਮੇਅਰ ਚੋਣਾਂ ਵਿੱਚ ਜ਼ੋਹਰਾਨ ਮਮਦਾਨੀ ਜਨਮਤ ਸਰਵੇਖਣਾਂ ਵਿੱਚ ਫਿਲਹਾਲ ਸਭ ਤੋਂ ਅੱਗੇ ਚੱਲ ਰਹੇ ਹਨ। ਉਹ ਮੌਜੂਦਾ ਮੇਅਰ ਐਰਿਕ ਐਡਮਜ਼ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲਿਵਾ ਤੋਂ ਅੱਗੇ ਹਨ। ਉਨ੍ਹਾ ਕਿਹਾ, ‘‘ਅਸੀਂ ਸਾਬਤ ਕਰ ਦਿੱਤਾ ਹੈ ਕਿ ਜਦੋਂ ਲੋਕਾਂ ਨੂੰ ਕੁਝ ਠੋਸ ਵਿਕਲਪ ਮਿਲਦਾ ਹੈ ਤਾਂ ਉਹ ਵਾਪਸ ਆਉਂਦੇ ਹਨ।’’
ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੇ ਅਮਰੀਕੀ ਨੇਤਾ ਹਨ, ਜੋ ਨਿਊਯਾਰਕ ਸਿਟੀ ਵਿੱਚ ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾ ਨੇ 7 ਸਾਲ ਪਹਿਲਾਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ ਅਤੇ ਵਰਤਮਾਨ ਵਿੱਚ ਸਮਾਜਿਕ ਨਿਆਂ, ਪ੍ਰਵਾਸੀ ਅਧਿਕਾਰਾਂ ਅਤੇ ਆਰਥਿਕ ਸਮਾਨਤਾ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਵਿਚ ਹਨ।





