ਭਾਜਪਾ ਹਕੂਮਤ ਫਾਸ਼ੀਵਾਦ ਦੇ ਰਾਹ : ਡੀ ਰਾਜਾ

0
67

ਦਿੱਲੀਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਦੋ ਰੋਜ਼ਾ ਕੌਮੀ ਕੌਂਸਲ ਦੀ ਮੀਟਿੰਗ ਰਾਮ ਕਰੁਸ਼ਨਾ ਪਾਂਡਾ ਦੀ ਪ੍ਰਧਾਨਗੀ ਹੇਠ ਸੀ ਪੀ ਆਈ ਦੇ ਮੁੱਖ ਦਫਤਰ ਅਜੈ ਭਵਨ ਵਿਖੇ ਸ਼ੁਰੂ ਹੋਈ। ਮੀਟਿੰਗ ਦੇ ਸ਼ੁਰੂਆਤ ਵਿੱਚ ਡਾਕਟਰ ਗਰੀਸ਼ ਸ਼ਰਮਾ ਨੇ ਵਿੱਛੜ ਚੁੱਕੇ ਕਮਿਊਨਿਸਟ ਆਗੂਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ੋਕ ਮਤਾ ਪੇਸ਼ ਪੇਸ਼ ਕੀਤਾ। ਸ਼ੋਕ ਮਤੇ ਵਿੱਚ ਪੰਜਾਬ ਤੋਂ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ ਐਡਵੋਕੇਟ ਅਤੇ ਸੀ ਪੀ ਆਈ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਸੁਤੰਤਰ ਕੁਮਾਰ ਵੀ ਸਨ।
ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਕੁੱਲ ਹਿੰਦ ਕਾਂਗਰਸ ਦੀਆਂ ਤਿਆਰੀਆਂ ਬਾਰੇ ਕੌਂਸਲ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਕਾਂਗਰਸ ਵਿੱਚ ਦੇਸ਼ ਭਰ ’ਚੋਂ 1000 ਦੇ ਕਰੀਬ ਡੈਲੀਗੇਟ, ਵੈਟਰਨ ਅਤੇ ਸਾਂਭ-ਸੰਭਾਲ ਲਈ ਵਲੰਟੀਅਰ ਪਹੁੰਚ ਰਹੇ ਹਨ। ਕਾਂਗਰਸ ਵਿੱਚ ਵਿਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ ਵੀ ਆਪਣਾ ਭਰਾਤਰੀ ਸੰਦੇਸ਼ ਦੇਣ ਵਾਸਤੇ ਆ ਰਹੇ ਹਨ। ਕਾਂਗਰਸ ਦੀ ਕਾਮਯਾਬੀ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਸਰਗਰਮੀ ਵਿੱਚ ਹਨ। ਪਾਰਟੀ ਦੀ ਕਾਮਯਾਬੀ ਲਈ ਸਭ ਤੋਂ ਵੱਧ ਪੈਸੇ ਦੀ ਜ਼ਰੂਰਤ ਹੁੰਦੀ ਹੈ, ਉਹ ਵੀ ਪਾਰਟੀ ਮੈਂਬਰ ਤੇ ਹਮਦਰਦ ਖੁਸ਼ੀ-ਖੁਸ਼ੀ ਦੇ ਰਹੇ ਹਨ। ਕਾਂਗਰਸ ਦੇ ਪਹਿਲੇ ਦਿਨ 21 ਸਤੰਬਰ ਨੂੰ ਪੰਜਾਬ ਪੱਧਰ ਦੀ ਮੁਹਾਲੀ ਵਿਖੇ ਰੈਲੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਡੀ. ਰਾਜਾ ਨੇ ਰਾਜਸੀ ਖਰੜਾ ਪੇਸ਼ ਕੀਤਾ, ਜੋ ਵਾਧਿਆਂ-ਘਾਟਿਆਂ ਤੋਂ ਬਾਅਦ ਪਾਰਟੀ ਕਾਂਗਰਸ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕਾਂਗਰਸ ਵਿੱਚ ਵਿਚਾਰਾਂ ਕਰਕੇ ਖਰੜੇ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਉਸ ਦੀ ਸੇਧ ਵਿੱਚ ਹਿੰਦੁਸਤਾਨ ਵਿੱਚ ਰੁਜ਼ਗਾਰ, ਵਿਦਿਆ, ਸਿਹਤ, ਗਰੀਬਾਂ ਲਈ ਘਰ, ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਲਈ ਐੱਮ ਐੱਸ ਪੀ ਪੂਰਨ ਰੂਪ ਵਿੱਚ ਲਾਗੂ ਕਰਾਉਣ, ਖੇਤ ਮਜ਼ਦੂਰਾਂ ਦੀ ਜ਼ਿੰਦਗੀ ਖ਼ੁਸ਼ਹਾਲ ਬਣਾਉਣ, ਮਨਰੇਗਾ ਦਾ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ ਵਧਾਉਣ, ਟਰੇਡ ਯੂਨੀਅਨ ਦੀਆਂ ਮੰਗਾਂ ਮੰਨਵਾਉਣ ਅਤੇ ਪਬਲਿਕ ਅਦਾਰਿਆਂ ਦਾ ਪ੍ਰਾਈਵੇਟ ਕਰਨ ਰੋਕਣ ਅਤੇ ਜੋ ਅਦਾਰੇ ਪ੍ਰਾਈਵੇਟ ਹੋ ਚੁੱਕੇ ਹਨ, ਉਨ੍ਹਾਂ ਨੂੰ ਮੁੜ ਪਬਲਿਕ ਦੇ ਅਦਾਰੇ ਬਣਾਉਣ ਅਤੇ ਔਰਤਾਂ ਤੇ ਮਰਦ ਪ੍ਰਧਾਨ ਸਮਾਜ ਵਿੱਚ ਹੋ ਰਹੇ ਜ਼ੋਰ-ਜਬਰ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।
ਡੀ. ਰਾਜਾ ਨੇ ਰਿਪੋਰਟ ਦੇ ਖਰੜੇ ਵਿੱਚ ਇਹ ਵੀ ਪੇਸ਼ ਕੀਤਾ ਕਿ ਕੇਂਦਰ ਦੀ ਭਾਜਪਾ ਦੀ ਹਕੂਮਤ ਫਾਸ਼ੀਵਾਦ ਦੇ ਰਾਹ ਤੁਰੀ ਹੈ। ਮਾਓਵਾਦ ਦੇ ਨਾਂਅ ’ਤੇ ਆਦਿਵਾਸੀਆਂ ਦਾ ਕਤਲੇਆਮ ਹੋ ਰਿਹਾ ਹੈ। ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਗਏ ਹਨ। ਆਦਿਵਾਸੀ ਆਪਣੇ ਪਰਵਾਰਾਂ ਦੀ ਜ਼ਿੰਦਗੀ ਆਰਜ਼ੀ ਕੈਂਪਾਂ ਵਿੱਚ ਗੁਜ਼ਾਰ ਰਹੇ ਹਨ। ਜਲ, ਜੰਗਲ, ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। ਕੁਦਰਤੀ ਖਣਿਜ ਪਦਾਰਥ ਜੋ ਸਾਡੇ ਦੇਸ਼ ਦਾ ਸੋਨਾ ਹੈ, ਉਹ ਕਾਰਪੋਰੇਟ ਲੁੱਟ ਰਹੇ ਹਨ। ਮੋਦੀ ਸਰਕਾਰ ਦੀ ਇਸ ਨੀਤੀ ਦਾ ਜਿਹੜਾ ਵੀ ਲਿਖਾਰੀ ਤੇ ਚੈਨਲ ਵਾਲਾ ਵਿਰੋਧਤਾ ਕਰਦਾ ਹੈ, ਉਸ ਨੂੰ ਜੇਲ੍ਹੀਂ ਡੱਕ ਦਿੱਤਾ ਜਾਂਦਾ ਹੈ। ਉਹਨਾ ਕਿਹਾ ਕਿ ਹਿੰਦੁਸਤਾਨ ਦੀ ਇਸ ਨਾਜ਼ੁਕ ਪ੍ਰਸਥਿਤੀ ਵਿੱਚ ਚੰਡੀਗੜ੍ਹ ਕਾਂਗਰਸ ਦੀ ਬਹੁਤ ਅਹਿਮੀਅਤ ਹੈ। ਨੈਸ਼ਨਲ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਤੋਂ ਸੀ ਪੀ ਆਈ ਦੇ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਜਗਰੂਪ, ਨਿਰਮਲ ਸਿੰਘ ਧਾਲੀਵਾਲ, ਪਿਰਥੀਪਾਲ ਸਿੰਘ ਮਾੜੀਮੇਘਾ ਤੇ ਅਮਰਜੀਤ ਸਿੰਘ ਆਸਲ ਸ਼ਾਮਲ ਹੋਏ। ਬੰਤ ਸਿੰਘ ਬਰਾੜ ਨੇ ਪਾਰਟੀ ਕਾਂਗਰਸ ਦੀ ਤਿਆਰੀ ਬਾਰੇ ਨੈਸ਼ਨਲ ਕੌਂਸਲ ਨੂੰ ਜਾਣਕਾਰੀ ਦਿੱਤੀ।