ਕਈ ਵਰ੍ਹਿਆਂ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਉੱਤੇ ਅਮਰੀਕੀ ਇਜਾਰੇਦਾਰੀ ਨੂੰ ਇੰਜ ਸਮਝਿਆ ਗਿਆ ਕਿ ਭਵਿੱਖ ਦੀ ਦਿਸ਼ਾ ਉਹੀ ਤੈਅ ਕਰੇਗਾ, ਪਰ ਹੁਣ ਦੁਨੀਆ ਦੀਆਂ ਨਜ਼ਰਾਂ ਤੇਜ਼ੀ ਨਾਲ ਚੀਨ ਵੱਲ ਘੁੰਮ ਰਹੀਆਂ ਹਨ। ਇੰਜ ਲੱਗ ਰਿਹਾ ਹੈ ਕਿ ਤਕਨੀਕ ਦੇ ਇਸ ਨਵੇਂ ਸੀਤ ਯੁੱਧ ਦੀ ਜ਼ਮੀਨ ਤਿਆਰ ਹੋ ਚੁੱਕੀ ਹੈ, ਜਿੱਥੇ ਦੋ ਮਹਾਂਸ਼ਕਤੀਆਂ ਨਾ ਸਿਰਫ ਇੱਕ-ਦੂਜੇ ਨੂੰ ਚੁਣੌਤੀ ਦੇ ਰਹੀਆਂ ਹਨ, ਸਗੋਂ ਵਿਸ਼ਵ ਵਿਵਸਥਾ ਦੀ ਧੁਰੀ ਨੂੰ ਮੁੜ ਪ੍ਰੀਭਾਸ਼ਤ ਵੀ ਕਰ ਰਹੀਆਂ ਹਨ। ਡੀਪਸੀਕ, ਜ਼ਿੰਪੂ ਤੇ ਕਵੇਨਇਹ ਹੁਣ ਸਿਰਫ ਨਾਂਅ ਨਹੀਂ ਰਹੇ, ਸਗੋਂ ਅਜਿਹੇ ਔਜ਼ਾਰ ਬਣ ਗਏ ਹਨ, ਜਿਨ੍ਹਾਂ ਤੋਂ ਐੱਸ ਐੱਸ ਪੀ ਸੀ, ਸਟੈਂਡਰਡ ਚਾਰਟਰਡ, ਸਾਊਦੀ ਅਰਾਮਕੋ ਵਰਗੀਆਂ ਵਿਸ਼ਵ ਪੱਧਰੀ ਕੰਪਨੀਆਂ ਕੰਮ ਲੈ ਰਹੀਆਂ ਹਨ। ਭਾਰਤ, ਅਫਰੀਕਾ, ਮੱਧ-ਪੂਰਬ ਤੇ ਦੱਖਣ-ਪੂਰਬੀ ਏਸ਼ੀਆ ਵਰਗੇ ਇਲਾਕੇ, ਜਿੱਥੇ ਅਮਰੀਕੀ ਮਾਡਲ ਪਹਿਲਾਂ ਬਿਨਾਂ ਮੁਕਾਬਲੇਬਾਜ਼ੀ ਦੇ ਸਨ, ਹੁਣ ਚੀਨੀ ਤਕਨੀਕਾਂ ਦੀ ਪ੍ਰਯੋਗਸ਼ਾਲਾ ਬਣਦੇ ਜਾ ਰਹੇ ਹਨ ਅਤੇ ਇਹ ਸਿਰਫ ਤਕਨੀਕੀ ਸਮਰੱਥਾ ਦੇ ਕਾਰਨ ਨਹੀਂ ਹੋ ਰਿਹਾ, ਸਗੋਂ ਸਸਤੀ ਕੀਮਤ, ਖੁੱਲ੍ਹੇ ਸਰੋਤ ਤੇ ਸਥਾਨਕ ਲੋੜਾਂ ’ਚ ਫਿਟ ਬੈਠਣ ਕਾਰਨ ਹੋ ਰਿਹਾ ਹੈ।
ਜੇ ਅਮੇਜ਼ਨ, ਮਾਈਕਰੋਸਾਫਟ ਤੇ ਗੂਗਲ ਵਰਗੀਆਂ ਅਮਰੀਕੀ ਕੰਪਨੀਆਂ ਵੀ ਡੀਪਸੀਕ ਨੂੰ ਆਪਣੀਆਂ ਸੇਵਾਵਾਂ ਵਿੱਚ ਸ਼ਾਮਲ ਕਰ ਲੈਣ ਤਾਂ ਇਹ ਸੰਕੇਤ ਸਿਰਫ ਵਪਾਰਕ ਵਿਹਾਰਕਤਾ ਦਾ ਨਹੀਂ, ਸਗੋਂ ਸ਼ਕਤੀ ਸੰਤੁਲਨ ਦੀ ਪੁਨਰ-ਸੰਰਚਨਾ ਦਾ ਬਣ ਜਾਂਦਾ ਹੈ। ਜਦ ਵ੍ਹਾਈਟ ਹਾਊਸ ਡੇਟਾ ਸੁਰੱਖਿਆ ਦੀ ਚਿੰਤਾ ਵਿੱਚ ਚੀਨੀ ਐਪਸ ’ਤੇ ਰੋਕ ਲਾਉਦਾ ਹੈ ਅਤੇ ਅਮਰੀਕੀ ਕੰਪਨੀਆਂ ਉਨ੍ਹਾਂ ਨੂੰ ਆਪਣੇ ਗਾਹਕ ਅਨੁਭਵ ਦਾ ਹਿੱਸਾ ਬਣਾ ਰਹੀਆਂ ਹਨ ਤਾਂ ਇਹ ਵਿਰੋਧਾਭਾਸ ਕੁਝ ਤਾਂ ਕਹਿੰਦਾ ਹੈ। ਚੀਨ ਦੀ ਤਾਕਤ ਸਿਰਫ ਮਸ਼ੀਨਾਂ ਤੱਕ ਸੀਮਤ ਨਹੀਂ ਹੈ। ਹਾਰਵਰਡ ਯੂਨੀਵਰਸਿਟੀ ਦੀ ਇੱਕ ਰਿਪੋਰਟ ਮੁਤਾਬਕ ਦੋ ਸਭ ਤੋਂ ਅਹਿਮ ਖੇਤਰਾਂ ਡੇਟਾ ਤੇ ਮਨੁੱਖੀ ਵਸੀਲੇ ਵਿੱਚ ਚੀਨ ਨੂੰ ਬੜ੍ਹਤ ਹਾਸਲ ਹੈ।
ਓਪਨ ਏ ਆਈ ਦੇ ਸੈਮ ਆਲਟਮੈਨ ਕਹਿ ਰਹੇ ਹਨ ਕਿ ਜਮਹੂਰੀ ਏ ਆਈ (ਅਮਰੀਕਾ) ਨੂੰ ਤਾਨਾਸ਼ਾਹੀ ਏ ਆਈ (ਚੀਨ) ਉੱਤੇ ਜਿੱਤ ਦਿਵਾਉਣੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪੱਛਮੀ ਮੀਡੀਆ ਵਿੱਚ ਜਿਸ ਨੂੰ ਤਾਨਾਸ਼ਾਹੀ ਦੱਸਿਆ ਜਾ ਰਿਹਾ ਹੈ, ਉਹੀ ਤਾਨਾਸ਼ਾਹੀ ਏ ਆਈ ਬਹੁਤ ਹੀ ਜਮਹੂਰੀ ਤਰੀਕੇ ਨਾਲ ਦੁਨੀਆ ਭਰ ਵਿੱਚ ਫੈਲ ਰਹੀ ਹੈ ਖੁੱਲ੍ਹੀ, ਸਸਤੀ ਤੇ ਵਿਹਾਰਕ ਬਣ ਕੇ। ਪਿਛਲੇ ਦਿਨੀਂ ਜਦ ਅਮਰੀਕਾ ਨੇ ਐੱਨਵੀਡੀਆ ਦੀ ਐੱਚ-20 ਚਿੱਪ ਦੀ ਵਿਕਰੀ ਚੀਨ ਵਿੱਚ ਬੰਦ ਕੀਤੀ ਤਾਂ ਐੱਨਵੀਡੀਆ ਨੂੰ ਹੀ 10 ਅਰਬ ਡਾਲਰ ਦਾ ਨੁਕਸਾਨ ਹੋਇਆ। ਇਹ ਤਾਂ ਮਹਿਜ਼ ਸ਼ੁਰੂਆਤ ਹੈ। ਮੈਟਾ, ਗੂਗਲ ਤੇ ਐਂਥੋਰੋਪਿਕ ਵਰਗੀਆਂ ਅਮਰੀਕੀ ਕੰਪਨੀਆਂ ਦਬਾਅ ਵਿੱਚ ਹਨ। ਉਨ੍ਹਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਦਾ ਮਹਿੰਗਾ ਤੇ ਬੰਦ ਮਾਡਲ ਕਿਉ ਡੀਪਸੀਕ ਵਰਗੇ ਸਸਤੇ ਤੇ ਖੁੱਲ੍ਹੇ ਮਾਡਲ ਨਾਲੋਂ ਬਿਹਤਰ ਹੈ।
ਇਹ ਦਵੰਦ ਸਿਰਫ ਆਰਥਕ ਜਾਂ ਤਕਨੀਕੀ ਨਹੀਂ, ਇਹ ਵਿਚਾਰਧਾਰਾ ਦਾ ਵੀ ਸੰਘਰਸ਼ ਹੈ, ਦੁਨੀਆ ਦੀ ਅਖੌਤੀ ਸਭ ਤੋਂ ਵੱਡੀ ਜਮਹੂਰੀਅਤ ਤੇ ਅਖੌਤੀ ਤਾਨਾਸ਼ਾਹੀ ਵਿਚਾਲੇ। ਜਿਵੇਂ-ਜਿਵੇਂ ਚੀਨ ਮਾਡਲ ਵਿਸ਼ਵ ਪੱਧਰੀ ਬਣਦੇ ਜਾਣਗੇ, ਅਮਰੀਕਾ ਕੋਲ ਵਿਸ਼ਵ ਤਕਨੀਕੀ ਦਿਸ਼ਾ ਤੈਅ ਕਰਨ ਦੀ ਸ਼ਕਤੀ ਘਟਦੀ ਜਾਵੇਗੀ। ਇਹ ਦੌੜ ਕਿਸ ਦੇ ਨਾਂਅ ਹੋਵੇਗੀ, ਇਹ ਸ਼ਾਇਦ ਪੱਕਾ ਨਹੀਂ ਕਹਿ ਸਕਦੇ, ਪਰ ਏਨਾ ਤੈਅ ਹੈ ਕਿ ਇਹ ਦੌੜ ਸਿਰਫ ਅਮਰੀਕੀ ਕੰਪਨੀਆਂ ਵਿਚਾਲੇ ਨਹੀਂ ਰਹੀ, ਇਹ ਦੌੜ ਹੁਣ ਉਸ ਦੁਨੀਆ ਦੀ ਕਲਪਨਾ ’ਤੇ ਵੀ ਹੈ, ਜਿਸ ਵਿੱਚ ਅਸੀਂ ਆਉਣ ਵਾਲੇ ਸਾਲਾਂ ਵਿੱਚ ਜਿਊਣ ਵਾਲੇ ਹਾਂ, ਅਜਿਹੀ ਦੁਨੀਆ, ਜਿਥੇ ਡੇਟਾ ਹੀ ਹਥਿਆਰ ਹੈ ਅਤੇ ਐਲਗੋਰਿਦਮ ਹੀ ਸੱਤਾ।



