ਨਫਰਤੀ ਯਾਤਰਾ

0
22

11 ਜੁਲਾਈ ਤੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਨੂੰ ਕਈ ਲੋਕ ਸ਼ਿਵ ਭਗਤੀ ਦਾ ਮਹੀਨਾ ਮੰਨਦੇ ਹਨ। 23 ਜੁਲਾਈ ਨੂੰ ਸ਼ਿਵਰਾਤਰੀ ਦਾ ਤਿਉਹਾਰ ਹੈ। ਪੂਰਾ ਮਹੀਨਾ ਸ਼ਿਵ ਭਗਤ ਕਾਂਵੜ ਯਾਤਰਾ ਕਰਕੇ ਹਰਿਦੁਆਰ ਸਣੇ ਵੱਖ-ਵੱਖ ਨਦੀਆਂ ਤੋਂ ਜਲ ਲਿਆ ਕੇ ਸ਼ਿਵ ਦਾ ਜਲਾਭਿਸ਼ੇਕ ਕਰਦੇ ਹਨ। ਕਾਂਵੜ ਯਾਤਰਾ ਸਦੀਆਂ ਤੋਂ ਹੁੰਦੀ ਆ ਰਹੀ ਹੈ। ਪਹਿਲਾਂ ਇਸ ਵਿੱਚ ਦੋ ਤਰ੍ਹਾਂ ਦੇ ਲੋਕ ਜਾਂਦੇ ਸਨ-ਇੱਕ ਆਸਥਾਵਾਨ ਤੇ ਦੂਜੇ ਘਰ ਜਾਂ ਸਮਾਜ ਵੱਲੋਂ ਤਿ੍ਰਸਕਾਰੇ, ਅਪਮਾਨਤ ਤੇ ਬੇਰੁਜ਼ਗਾਰ, ਜਿਨ੍ਹਾਂ ਨੂੰ ਇਸ ਬਹਾਨੇ ਘਰ-ਸਮਾਜ ਵਿੱਚ ਕੁਝ ਸਨਮਾਨ ਮਿਲ ਜਾਂਦਾ ਸੀ। ਇਸ ਲਈ ਇਸ ਵਿੱਚ ਦਲਿਤ-ਪਛੜੇ ਵੀ ਜਾਂਦੇ ਰਹੇ। ਫਿਰ ਅਜਿਹੇ ਨੌਜਵਾਨ ਜੁੜੇ, ਜਿਹੜੇ ਮਸਤੀ, ਸੈਰਸਪਾਟੇ ਜਾਂ ਨਸ਼ੇ ਆਦਿ ਲਈ ਕਾਂਵੜ ਲਿਆਉਣ ਲੱਗੇ। ਯੂ ਪੀ ਵਿੱਚ ਯੋਗੀ ਸਰਕਾਰ ਆਉਣ ਤੋਂ ਬਾਅਦ ਇਸ ’ਚ ਚੌਥੀ ਕੈਟੇਗਰੀ ਜੁੜ ਗਈ ਹੈ, ਜਿਹੜੀ ਬੇਹੱਦ ਖਤਰਨਾਕ ਹੈ। ਇਹ ਲੋਕ ਹਿੰਸਕ, ਖਰੂਦੀ, ਨਫਰਤੀ ਤੇ ਫਿਰਕੂ ਹਨ। ਇਹ ਆਸਥਾਵਾਨ ਨਹੀਂ ਹਨ, ਇਹ ਇੱਕ ਨਫਰਤੀ ਗੈਂਗ ਹੈ, ਜਿਸ ਲਈ ਸ਼ਿਵ ਦੀ ਭਗਤੀ ਤੇ ਕਾਂਵੜ ਯਾਤਰਾ ਇੱਕ ਮੌਕਾ ਹੈ, ਦੂਜੇ ਲੋਕਾਂ ਤੇ ਖਾਸਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦਾ। ਫਿਰਕੂ ਜ਼ਹਿਰ ਫੈਲਾਉਣ ਦਾ। ਇਨ੍ਹਾਂ ਨਫਰਤੀ ਖਰੂਦੀਆਂ ਨੇ ਇੱਕ ਤਰ੍ਹਾਂ ਨਾਲ ਪੂਰੀ ਯਾਤਰਾ ’ਤੇ ਕਬਜ਼ਾ ਕਰ ਲਿਆ ਹੈ। ਆਰ ਐੱਸ ਐੱਸ-ਭਾਜਪਾ ਤੇ ਉਸ ਨਾਲ ਜੁੜੇ ਸੰਗਠਨ ਅਤੇ ਸ਼ਾਸਨ-ਪ੍ਰਸ਼ਾਸਨ ਇਨ੍ਹਾਂ ਦੀ ਪਿੱਠ ’ਤੇ ਹਨ। ਕਹਿਣ ਦਾ ਮਤਲਬ ਕਾਂਵੜ ਯਾਤਰਾ ਨੂੰ ਸਿਆਸੀ ਤੌਰ ’ਤੇ ਅਗਵਾ ਕਰ ਲਿਆ ਗਿਆ ਹੈ। ਇੱਕ ਦਿਨ ਜੇ ਜੁੰਮੇ ਜਾਂ ਈਦ ਦੀ ਨਮਾਜ਼ ਕੋਈ ਸੜਕ ’ਤੇ ਅਤਾ ਕਰ ਦਿੰਦਾ ਹੈ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਦਿੱਕਤ ਹੋਣ ਲਗਦੀ ਹੈ ਪਰ ਕਾਂਵੜ ਯਾਤਰਾ ਦੇ ਨਾਂਅ ’ਤੇ ਹੋਰਨਾਂ ਲੋਕਾਂ ਲਈ ਮਹੀਨਾ-ਭਰ ਰਾਹ ਡਾਇਵਰਟ ਕੀਤੇ ਜਾਂਦੇ ਹਨ, ਕੋਈ ਟੋਕਣ ਵਾਲਾ ਨਹੀਂ। ਰਾਹ ਵਿੱਚ ਨਿੱਕੀ-ਨਿੱਕੀ ਗੱਲ ’ਤੇ ਕਾਂਵੜੀਏ ਦੁਕਾਨਦਾਰਾਂ ਨੂੰ ਕੁੱਟ ਦਿੰਦੇ ਹਨ, ਪਰ ਕੋਈ ਕਾਰਵਾਈ ਨਹੀਂ ਹੁੰਦੀ।
ਪਿਛਲੇ ਸਾਲ ਤੋਂ ਕਾਂਵੜ ਮਾਰਗ ਦੇ ਦੁਕਾਨਦਾਰਾਂ, ਹੋਟਲ-ਢਾਬੇ ਵਾਲਿਆਂ ਤੇ ਰੇਹੜੀਆਂ ਵਾਲਿਆਂ ਨੂੰ ਨੇਮ ਪਲੇਟ ਸ਼ੋਅ ਕਰਨ ਦਾ ਨਵਾਂ ਡਰਾਮਾ ਸ਼ੁਰੂ ਹੋਇਆ ਹੈ। ਇਹ ਯਕੀਨੀ ਬਣਾਉਣ ਲਈ ਕਿ ਉਹ ਹਿੰਦੂ ਹਨ ਜਾਂ ਮੁਸਲਮਾਨ। ਦਰਅਸਲ ਇਹ ਨਫਰਤ ਹੀ ਨਹੀਂ, ਸਗੋਂ ਮੁਸਲਮਾਨਾਂ ਦੇ ਬਾਈਕਾਟ ਦੀ ਸਾਜ਼ਿਸ਼ ਹੈ, ਜਿਹੜੀ ਕਿ ਕਾਂਵੜ ਯਾਤਰਾ ਤੱਕ ਹੀ ਸੀਮਤ ਨਹੀਂ ਰਹੀ, ਗਲੀਆਂ-ਮੁਹੱਲਿਆਂ ਤੱਕ ਪਹੁੰਚ ਚੁੱਕੀ ਹੈ। ਸੁਪਰੀਮ ਕੋਰਟ ਨੇ ਯੂ ਪੀ ਤੇ ਉੱਤਰਾਖੰਡ ਵਿੱਚ ਪਿਛਲੇ ਸਾਲ ਜਾਰੀ ਨੇਮ ਪਲੇਟ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ ਸੀ ਤੇ ਕਿਹਾ ਸੀ ਕਿ ਦੁਕਾਨਦਾਰ ਨੇ ਸਿਰਫ ਇਹ ਦਿਖਾਉਣਾ ਹੈ ਕਿ ਉਹ ਸ਼ਾਕਾਹਾਰੀ ਵੇਚ ਰਿਹਾ ਹੈ ਜਾਂ ਮਾਸਾਹਾਰੀ, ਨਾਂਅ-ਪਤਾ ਦੱਸਣਾ ਜ਼ਰੂਰੀ ਨਹੀਂ। ਸੁਪਰੀਮ ਕੋਰਟ ਦੇ ਹੁਕਮਾਂ ਦਾ ਲਗਦਾ ਹੈ ਕੋਈ ਅਸਰ ਨਹੀਂ ਹੋਇਆ। ਹੁਣ ਰੇਹੜੀ ਤੇ ਢਾਬੇ ਵਾਲਿਆਂ ਨੂੰ ਆਪਣੇ ਬਾਰੇ ਯੂ ਆਰ ਕੋਡ ਦਿਖਾਉਣ ਦਾ ਹੁਕਮ ਦੇ ਦਿੱਤਾ ਗਿਆ ਹੈ। ਇਸ ਤੋਂ ਸ਼ਹਿ ਹਾਸਲ ਕਰਕੇ ਨਫਰਤੀ ਗੈਂਗ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ। ਹੁਣ ਇਸ ਗੈਂਗ ਦੇ ਮੈਂਬਰਾਂ ਨੂੰ ਨਾਂਅ ’ਤੇ ਹੀ ਤਸੱਲੀ ਨਹੀਂ ਹੈ, ਆਧਾਰ ਕਾਰਡ ’ਤੇ ਤਸੱਲੀ ਨਹੀਂ ਹੈ, ਪੈਂਟ ਖੁਲ੍ਹਵਾ ਕੇ ਦੇਖ ਰਹੇ ਹਨ ਕਿ ਫਲਾਂ ਬੰਦਾ ਹਿੰਦੂ ਹੈ ਜਾਂ ਮੁਸਲਮਾਨ। ਅਜਿਹੀ ਘਟਨਾ 28 ਜੂਨ ਨੂੰ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ 58 ’ਤੇ ਕਾਂਵਰ ਰੂਟ ’ਤੇ ਵਾਪਰੀ ਜਦੋਂ ਕਿਸੇ ਯਸ਼ਵੀਰ ਮਹਾਰਾਜ ਦੀ ਟੀਮ ਨੇ ‘ਪੰਡਿਤ ਜੀ ਵੈਸ਼ਨੂੰ ਢਾਬਾ’ ਉੱਤੇ ਇਕ ਕਰਿੰਦੇ ਤੋਂ ਜਬਰਨ ਪੈਂਟ ਉਤਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਧਰਮ ਦੀ ਪਛਾਣ ਕੀਤੀ ਜਾ ਸਕੇ।
ਇਹ ਸਭ ਸ਼ਿਵ ਦੇ ਨਾਂਅ ’ਤੇ ਕੀਤਾ ਜਾ ਰਿਹਾ ਹੈ। ਪੌਰਾਣਿਕ ਕਥਾਵਾਂ ਮੁਤਾਬਕ ਸ਼ਿਵ ਨੇ ਸਮੁੰਦਰ ਮੰਥਨ ਤੋਂ ਨਿਕਲਿਆ ਵਿਸ ਖੁਦ ਪੀ ਕੇ ਸੰਸਾਰ ਨੂੰ ਬਚਾਇਆ, ਪਰ ਇਹ ਲੋਕ ਉਸ ਦੇ ਨਾਂਅ ’ਤੇ ਪੂਰੇ ਦੇਸ਼-ਸਮਾਜ ਵਿੱਚ ਨਫਰਤ ਦਾ ਜ਼ਹਿਰ ਫੈਲਾ ਰਹੇ ਹਨ। ਲੋਕਾਂ, ਖਾਸਕਰ ਆਸਥਾਵਾਨ ਕਾਂਵੜੀਆਂ ਨੂੰ ਹੀ ਇਸ ਤਰ੍ਹਾਂ ਦੀ ਨਫਰਤ ਤੇ ਗੁੰਡਾਗਰਦੀ ਦਾ ਵਿਰੋਧ ਕਰਨਾ ਪੈਣਾ ਹੈ, ਵਰਨਾ ਇਹ ਗੈਂਗ ਜਿਸ ਤਰ੍ਹਾਂ ਕਾਂਵੜ ਯਾਤਰਾ ਨੂੰ ਬਦਨਾਮ ਕਰ ਰਹੇ ਹਨ, ਭਲਕ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਕਾਂਵੜ ਲਿਆਉਣ ਜਾਂ ਉਠਾਉਣ ਵਿੱਚ ਮਾਣ ਜਾਂ ਸਕੂਨ ਮਹਿਸੂਸ ਹੋਣ ਦੀ ਥਾਂ ਸ਼ਰਮ ਆਏਗੀ।