ਹਿਮਾਚਲ ’ਚ ਭਾਰੀ ਮੀਂਹ ਦਾ ਅਲਰਟ

0
62

ਸ਼ਿਮਲਾ : ਹਿਮਾਚਲ ’ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਡੀ ਜ਼ਿਲ੍ਹੇ ਦੀਆਂ 176 ਸਣੇ 260 ਤੋਂ ਵੱਧ ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ 6 ਜੁਲਾਈ ਨੂੰ ਕਾਂਗੜਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ, ਸੋਲਨ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਵਿੱਚ ਪਿਛਲੇ ਸਾਲ ਮੌਨਸੂਨ ਦੌਰਾਨ 550 ਤੋਂ ਵੱਧ ਲੋਕ ਮਾਰੇ ਗਏ ਸਨ। ਮੌਸਮ ਵਿਭਾਗ ਨੇ ਜ਼ਮੀਨ ਖਿਸਕਣ, ਅਚਾਨਕ ਹੜ੍ਹ, ਪਾਣੀ ਭਰਨ ਅਤੇ ਜ਼ਰੂਰੀ ਸੇਵਾਵਾਂ ਨੂੰ ਨੁਕਸਾਨ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਜਲ ਸਰੋਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਟੇਟ ਐਮਰਜੈਂਸੀ ਅਪ੍ਰੇਸ਼ਨ ਸੈਂਟਰ ਅਨੁਸਾਰ ਹੁਣ ਤੱਕ ਅਨੁਮਾਨਤ ਨੁਕਸਾਨ ਲਗਭਗ 541 ਕਰੋੜ ਰੁਪਏ ਹੈ। ਹਾਲਾਂਕਿ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਨੁਕਸਾਨ 700 ਕਰੋੜ ਰੁਪਏ ਦੇ ਕਰੀਬ ਹੈ, ਕਿਉਂਕਿ ਨੁਕਸਾਨ ਦੇ ਵੇਰਵੇ ਹਾਲੇ ਵੀ ਤਿਆਰ ਕੀਤੇ ਜਾ ਰਹੇ ਹਨ।