ਧਰਮਸ਼ਾਲਾ : ਤਿੱਬਤੀ ਅਧਿਆਤਮਕ ਤੇ ਧਾਰਮਕ ਗੁਰੂ ਦਲਾਈ ਲਾਮਾ ਨੇ ਸਨਿੱਚਰਵਾਰ ਆਪਣੇ ਜਾਨਸ਼ੀਨ ਦੇ ਐਲਾਨ ਸੰਬੰਧੀ ਅਫਵਾਹਾਂ ਨੂੰ ਰੋਕਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਊਣ ਦੀ ਉਮੀਦ ਕਰਦੇ ਹਨ। ਐਤਵਾਰ ਮਨਾਈ ਜਾ ਰਹੀ ਆਪਣੀ 90ਵੀਂ ਜਨਮ ਵਰ੍ਹੇਗੰਢ ਤੋਂ ਪਹਿਲਾਂ ਮੈਕਲੋਡਗੰਜ ਦੇ ਮੁੱਖ ਦਲਾਈ ਲਾਮਾ ਮੰਦਰ ਸੁਗਲਾਗਖਾਂਗ ਵਿਖੇ ਆਪਣੀ ਲੰਮੀ ਉਮਰ ਦੀ ਪ੍ਰਾਰਥਨਾ ਸੰਬੰਧੀ ਸਮਾਰੋਹ ਵਿੱਚ ਬੋਲਦਿਆਂ ਦਲਾਈ ਲਾਮਾ ਤੇਨਜ਼ਿਨ ਗਿਆਤਸੋ ਨੇ ਕਿਹਾ ਕਿ ਉਨ੍ਹਾ ਕੋਲ ‘ਸਪੱਸ਼ਟ ਸੰਕੇਤ’ ਹਨ ਕਿ ਅਵਲੋਕਿਤੇਸ਼ਵਰ ਦਾ ਆਸ਼ੀਰਵਾਦ ਉਨ੍ਹਾ ਦੇ ਨਾਲ ਹੈ। ਉਨ੍ਹਾ ਕਿਹਾ, ‘ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਵੇਖਦਿਆਂ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਅਵਲੋਕਿਤੇਸ਼ਵਰ ਦੇ ਆਸ਼ੀਰਵਾਦ ਹਨ। ਮੈਂ ਹੁਣ ਤੱਕ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਮੈਂ ਅਜੇ ਵੀ 30-40 ਸਾਲ ਹੋਰ ਜੀਵਾਂਗਾ। ਤੁਹਾਡੀਆਂ ਪ੍ਰਾਰਥਨਾਵਾਂ ਫਲ ਦੇਣਗੀਆਂ।’
ਉਨ੍ਹਾ ਕਿਹਾ ਕਿ ਉਨ੍ਹਾ ਨੂੰ ਬਚਪਨ ਤੋਂ ਹੀ ਇਹ ਅਹਿਸਾਸ ਸੀ ਕਿ ਉਨ੍ਹਾ ਦਾ ਅਵਲੋਕਿਤੇਸ਼ਵਰ ਨਾਲ ਇੱਕ ਮਜ਼ਬੂਤ ਰਿਸ਼ਤਾ ਹੈ। ਉਨ੍ਹਾ ਕਿਹਾ, ‘ਅਤੇ ਮੈਂ ਹੁਣ ਤੱਕ ਬੁੱਧ ਧਰਮ ਅਤੇ ਤਿੱਬਤ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਰਿਹਾ ਹਾਂ। ਫਿਰ ਵੀ ਮੈਂ 130 ਸਾਲਾਂ ਤੋਂ ਵੱਧ ਜਿਊਣ ਦੀ ਉਮੀਦ ਕਰਦਾ ਹਾਂ।’
ਤਿੱਬਤੀ ਜਲਾਵਤਨ ਸਰਕਾਰ ਨੇ ਇੱਥੇ 14ਵੇਂ ਦਲਾਈ ਲਾਮਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਹਫਤੇ ਦੀ ਲੜੀ ਦੇ ਪ੍ਰੋਗਰਾਮ ਉਲੀਕੇ ਹਨ। ਜਸ਼ਨਾਂ ਦੇ ਹਿੱਸੇ ਵਜੋਂ ਮੁੱਖ ਮੰਦਰ ਵਿੱਚ ਇੱਕ ਲੰਮੀ ਉਮਰ ਪ੍ਰਾਰਥਨਾ ਸਮਾਰੋਹ ਕੀਤਾ ਗਿਆ, ਜਿਸ ਵਿੱਚ 15,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।
ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਬੁਲਾਰੇ ਤੇਨਜ਼ਿਨ ਲਕਸ਼ੇ ਮੁਤਾਬਕ ਮੰਦਰ ਵਿੱਚ ਸ਼ਰਧਾਲੂਆਂ, ਤਿੱਬਤੀ ਬੁੱਧ ਧਰਮ ਦੇ ਵੱਖ-ਵੱਖ ਸੰਪਰਦਾਵਾਂ ਦੇ ਪ੍ਰਤੀਨਿਧੀਆਂ, ਵੱਖ-ਵੱਖ ਮੱਠਾਂ ਦੇ ਸੀਨੀਅਰ ਲਾਮਿਆਂ ਦੀ ਭੀੜ ਸੀ।
ਇਸ ਮੌਕੇ ਦਲਾਈ ਲਾਮਾ ਨੇ ਚੀਨੀ ਨੇਤਾ ਮਾਓ ਜ਼ੇ-ਤੁੰਗ ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ, ਜਿਨ੍ਹਾ ਦਾ ਮਸ਼ਹੂਰ ਕਥਨ ਹੈ, ‘ਧਰਮ ਜ਼ਹਿਰ ਹੈ।’ ਅਧਿਆਤਮਕ ਨੇਤਾ ਨੇ ਕਿਹਾ, ‘ਪਰ ਮੈਂ ਉਨ੍ਹਾ ਨੂੰ ਕੋਈ ਜਵਾਬ ਨਹੀਂ ਦਿੱਤਾ, ਇਸ ਲਈ ਉਨ੍ਹਾ ਅਸਲ ਵਿੱਚ ਬਹੁਤ ਬੁਰੀ ਨਜ਼ਰ ਨਾਲ ਤੱਕਿਆ, ਪਰ ਮੈਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਅਤੇ ਮੈਨੂੰ ਤਰਸ ਆਇਆ। ਫਿਰ ਬਾਅਦ ਵਿੱਚ ਮੈਂ ਨਹਿਰੂ ਨੂੰ ਮਿਲਿਆ। ਆਪਣੀ ਪੂਰੀ ਜ਼ਿੰਦਗੀ ਦੌਰਾਨ ਮੈਂ ਉਨ੍ਹਾ ਲੋਕਾਂ ਨੂੰ ਵੀ ਮਿਲਿਆ ਹਾਂ, ਜਿਨ੍ਹਾ ਨੂੰ ਧਰਮ ਵਿੱਚ ਦਿਲਚਸਪੀ ਹੈ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਧਰਮ ਵਿੱਚ ਦਿਲਚਸਪੀ ਨਹੀਂ ਹੈ।’