ਅੰਮਿ੍ਰਤਸਰ ’ਚ ਨਵੀਆਂ ਸੜਕਾਂ ਤੇ ਛੇ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਤ

0
9

ਅੰਮਿ੍ਰਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਦਿਆਂ ਅੰਮਿ੍ਰਤਸਰ ਦੇ ਵਸਨੀਕਾਂ ਨੂੰ ਲਗਭਗ 350 ਕਰੋੜ ਰੁਪਏ ਦਾ ਤੋਹਫ਼ਾ ਦਿੱਤਾ।ਪਵਿੱਤਰ ਨਗਰੀ ਨੂੰ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਮਿ੍ਰਤਸਰ ਦੇ ਵਸਨੀਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ ਕੀਤੇ ਜਾ ਰਹੇ ਹਨ। ਉਨ੍ਹਾ ਦੱਸਿਆ ਕਿ ਨਵੀਆਂ ਸੜਕਾਂ ਦੇ ਨਿਰਮਾਣ ’ਤੇ 56.36 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ’ਤੇ 287.01 ਕਰੋੜ ਰੁਪਏ ਅਤੇ ਛੇ ਨਵੀਆਂ ਲਾਇਬ੍ਰੇਰੀਆਂ ਦੇ ਨਿਰਮਾਣ ’ਤੇ 3.20 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲ੍ਹੇ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਨੇ 56.36 ਕਰੋੜ ਰੁਪਏ ਦੀ ਲਾਗਤ ਨਾਲ ਨਵੀਂਆਂ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ 287.01 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਨੂੰ ਅਪਗ੍ਰੇਡ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਕੁੱਲ 64,878 ਕਿਲੋਮੀਟਰ ਸੰਪਰਕ ਸੜਕਾਂ ਹਨ ਅਤੇ ਹੁਣ ਤੱਕ ਹਰ ਛੇ ਸਾਲਾਂ ਵਿੱਚ ਇਨ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਰਹੀ ਹੈ। ਉਹਨਾ ਕਿਹਾ ਕਿ ਹੁਣ ਇਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਦੇ ਨਾਲ ਅਗਲੇ ਪੰਜ ਸਾਲਾਂ ਲਈ ਚੱਲ ਰਹੀ ਸਾਂਭ-ਸੰਭਾਲ ਨੂੰ ਇਸ ਵਿੱਚ ਸ਼ਾਮਲ ਕਰਨ ਦਾ ਇੱਕ ਹੋਰ ਇਤਿਹਾਸਕ ਫੈਸਲਾ ਲਿਆ ਗਿਆ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਅੰਮਿ੍ਰਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਛੇ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਦਾ ਨਿਰਮਾਣ ਨਗਰ ਨਿਗਮ ਵੱਲੋਂ 3.20 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਅੰਮਿ੍ਰਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਦੋ ਮੌਜੂਦਾ ਲਾਇਬ੍ਰੇਰੀਆਂ, ਜਿਨ੍ਹਾਂ ਵਿੱਚ ਛੇਹਰਟਾ ਲਾਇਬ੍ਰੇਰੀ ਅਤੇ ਪੁਰਾਣੀ ਡੀ ਸੀ ਦਫ਼ਤਰ ਲਾਇਬ੍ਰੇਰੀ ਦਾ ਕ੍ਰਮਵਾਰ 32.58 ਲੱਖ ਰੁਪਏ ਅਤੇ 31.41 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ। ਉਹਨਾ ਕਿਹਾ ਕਿ ਅੰਮਿ੍ਰਤਸਰ ਦੇ ਉਤਰੀ, ਕੇਂਦਰੀ, ਪੂਰਬੀ ਅਤੇ ਦੱਖਣੀ ਹਲਕਿਆਂ ਵਿੱਚ ਇੱਕ-ਇੱਕ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ ਅਤੇ ਹਰੇਕ ਲਾਇਬ੍ਰੇਰੀ ਦੀ ਲਾਗਤ 64 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਆਧੁਨਿਕ ਬੁਨਿਆਦੀ ਢਾਂਚੇ ਵਾਲੀਆਂ ਲਾਇਬ੍ਰੇਰੀਆਂ ਕੰਪਿਊਟਰ, ਇੰਟਰਨੈੱਟ, ਮਿਆਰੀ ਸਾਹਿਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਅਧਿਐਨ ਸਮੱਗਰੀ ਨਾਲ ਲੈਸ ਹਨ। ਮਾਨ ਨੇ ਆਸ ਪ੍ਰਗਟਾਈ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਸ ਦੀ ਨਵੀਂ ਕਿਰਨ ਪੈਦਾ ਕਰਨਗੀਆਂ, ਕਿਉਕਿ ਹੁਣ ਵਿਦਿਆਰਥੀ ਕਿਤਾਬਾਂ ਰਾਹੀਂ ਵਿਸ਼ਵ ਪੱਧਰੀ ਗਿਆਨ ਪ੍ਰਾਪਤ ਕਰ ਸਕਦੇ ਹਨ। ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਦੇ ਟੀਚਿਆਂ ਨੂੰ ਸਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।