ਦੋ ਦਹਾਕਿਆਂ ਬਾਅਦ ਚਚੇਰੇ ਭਰਾ ਹੋਏ ਇਕੱਠੇ

0
8

ਮੁੰਬਈ : ਕਰੀਬ 20 ਸਾਲਾਂ ਬਾਅਦ ਸਨਿੱਚਰਵਾਰ ਇੱਕ ਇਤਿਹਾਸਕ ਸਿਆਸੀ ਪਲ ਦੌਰਾਨ ਦੋ ਚਚੇਰੇ ਭਰਾਵਾਂਰਾਜ ਠਾਕਰੇ ਅਤੇ ਊਧਵ ਠਾਕਰੇ ਨੇ ਮੁੰਬਈ ਵਿੱਚ ਇੱਕ ਰੈਲੀ ’ਚ ਪਹਿਲੀ ਵਾਰ ਸਟੇਜ ਸਾਂਝੀ ਕੀਤੀ ਤੇ ਇਸ ਤਰ੍ਹਾਂ ਦੋਵੇਂ ਸਿਆਸੀ ਤੌਰ ’ਤੇ ਮੁੜ ਇਕੱਠੇ ਹੋ ਗਏ। ਇਸ ਘਟਨਾ ਨੂੰ ਮਹਾਰਾਸ਼ਟਰ ਦੀ ਸਿਆਸਤ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਰੈਲੀ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ ਐੱਨ ਐੱਸ) ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂ ਬੀ ਟੀ) ਵਿਚਕਾਰ ਏਕਤਾ ਦਾ ਇੱਕ ਦੁਰਲੱਭ ਤੇ ਨਿਵੇਕਲਾ ਪ੍ਰਦਰਸ਼ਨ ਸੀ, ਜੋ ਮਰਾਠੀ ਪਛਾਣ ਦੀ ਰੱਖਿਆ ਅਤੇ ਵਿਵਾਦਗ੍ਰਸਤ ਤਿੰਨ-ਭਾਸ਼ਾਈ ਨੀਤੀ ਦੇ ਵਿਰੋਧ ’ਤੇ ਕੇਂਦਰਤ ਸੀ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਠਾਕਰੇ ਨੇ ਕਿਹਾ, ‘ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਊਧਵ ਅਤੇ ਮੈਨੂੰ ਦੁਬਾਰਾ ਇਕ ਮੰਚ ਉਤੇ ਲਿਆ ਕੇ ਉਹ ਕੁਝ ਕਰ ਦਿਖਾਇਆ ਹੈ, ਜੋ ਬਾਲਾਸਾਹਿਬ ਠਾਕਰੇ ਵੀ ਨਹੀਂ ਕਰ ਸਕੇ।’ ਉਨ੍ਹਾ ਦਾਅਵਾ ਕੀਤਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਿੰਨ-ਭਾਸ਼ਾਈ ਫਾਰਮੂਲੇ ਨੂੰ ਹਾਲ ਹੀ ਵਿੱਚ ਵਾਪਸ ਲੈਣਾ ਸਿਰਫ ਮਰਾਠੀ ਬੋਲਣ ਵਾਲੇ ਨਾਗਰਿਕਾਂ ਦੇ ਸਖਤ ਜਨਤਕ ਵਿਰੋਧ ਤੋਂ ਬਾਅਦ ਹੋਇਆ। ਰਾਜ ਨੇ ਦੋਸ਼ ਲਾਇਆ, ‘ਇਹ ਭਾਸ਼ਾ ਨੀਤੀ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਇੱਕ ਵੱਡੀ ਯੋਜਨਾ ਦੀ ਸ਼ੁਰੂਆਤ ਸੀ।’ਦੱਖਣੀ ਰਾਜਾਂ ਨਾਲ ਤੁਲਨਾ ਕਰਦਿਆਂ ਰਾਜ ਠਾਕਰੇ ਨੇ ਕਿਹਾ, ‘ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਅਤੇ ਫਿਲਮ ਸਿਤਾਰਿਆਂ ਨੇ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ, ਪਰ ਉਹ ਅਜੇ ਵੀ ਆਪਣੀ ਮਾਂ ਬੋਲੀ ’ਤੇ ਬਹੁਤ ਮਾਣ ਕਰਦੇ ਹਨ। ਸਾਨੂੰ ਮਰਾਠੀ ਲਈ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।’ ਊਧਵ ਠਾਕਰੇ ਨੇ ਜ਼ੋਰ ਦਿੱਤਾ ਕਿ ਇਹ ਮੁੜ-ਮਿਲਣੀ ਅਸਥਾਈ ਨਹੀਂ ਹੈ। ਉਨ੍ਹਾ ਕਿਹਾ, ‘ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ।’ ਉਨ੍ਹਾਂ ਦੋਵਾਂ ਪਾਰਟੀਆਂ ਵਿਚਕਾਰ ਲਗਾਤਾਰ ਸਹਿਯੋਗ ਬਣੇ ਰਹਿਣ ਦਾ ਸੰਕੇਤ ਦਿੱਤਾ।
ਇਹ ਰੈਲੀ, ਤਾਕਤ ਦੇ ਇੱਕ ਰਣਨੀਤਕ ਅਤੇ ਪ੍ਰਤੀਕਾਤਮਕ ਪ੍ਰਦਰਸ਼ਨ ਵਜੋਂ ਦੇਖੀ ਜਾ ਰਹੀ ਹੈ, ਖਾਸ ਤੌਰ ’ਤੇ ਜਦੋਂ ਦੋਵੇਂ ਨੇਤਾ ਆਪਣੇ ਰਵਾਇਤੀ ਮਰਾਠੀ ਤੇ ਮਰਾਠਾ ਵੋਟਰ ਅਧਾਰ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਘਟਨਾ ਮਹਾਰਾਸ਼ਟਰ ਦੇ ਸਿਆਸੀ ਦਿ੍ਰਸ਼ ਵਿੱਚ ਗੱਠਜੋੜ ਨੂੰ ਮੁੜ ਆਕਾਰ ਦੇ ਸਕਦੀ ਹੈ। ਬਾਲਾ ਸਾਹਿਬ ਠਾਕਰੇ ਵੱਲੋਂ ਬੇਟੇ ਊਧਵ ਠਾਕਰੇ ਨੂੰ ਜਾਨਸ਼ੀਨ ਬਣਾਉਣ ਤੋਂ ਬਾਅਦ ਰਾਜ ਠਾਕਰੇ ਸ਼ਿਵ ਸੈਨਾ ਤੋਂ ਅੱਡ ਹੋ ਗਏ ਸਨ।