ਸ਼ਿਮਲਾ : ਮੰਡੀ ਜ਼ਿਲ੍ਹੇ ਦੀ ਚੌਹਾਰ ਘਾਟੀ ਵਿੱਚ ਬੱਦਲ ਫਟਣ ਕਾਰਨ ਪੂਰੇ ਖੇਤਰ ’ਚ ਪਾਣੀ ਭਰ ਗਿਆ। ਇਹ ਬੱਦਲ ਪਿੰਡ ਕੋਰਤਾਂਗ ਵਿੱਚ ਫਟਿਆ। ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਆਵਾਜਾਈ ਵਾਲਾ ਪੁਲ ਤੇ ਪੈਦਲ ਜਾਣ ਵਾਲੇ ਦੋ ਰਸਤੇ ਵਹਿ ਗਏ ਹਨ। ਦੂਜੇ ਪਾਸੇ ਚੰਬਾ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਕਨਘੇਲਾ ਨਾਲੇ ਵਾਲਾ ਪੁਲ ਪਾਣੀ ਵਿਚ ਵਹਿ ਗਿਆ। ਇਸ ਨਾਲ ਮੁੱਖ ਰਸਤਾ ਬੰਦ ਹੋ ਗਿਆ।
ਕਾਰ ਖੱਡ ’ਚ, 4 ਮੌਤਾਂ
ਕੁੱਲੂ : ਰੋਹਤਾਂਗ ਪਾਸ ਨੇੜੇ ਰਹਿਣੀ ਨਾਲਾ ਕੋਲ ਕਾਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਪੀੜਤਾਂ ਦੀ ਫੌਰੀ ਤੌਰ ’ਤੇ ਪਛਾਣ ਨਹੀਂ ਹੋਈ।
ਟੈਕਸਾਸ ’ਚ ਭਾਰੀ ਜਾਨੀ ਹਾਨੀ
ਵਾਸ਼ਿੰਗਟਨ : ਟੈਕਸਾਸ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਆਉਣ ਕਾਰਨ 51 ਜਣਿਆਂ ਦੀ ਮੌਤ ਹੋ ਗਈ ਹੈ। ਇੱਕ ਨਹਿਰ ਕਿਨਾਰੇ ਸਮਰ ਕੈਂਪ ਲੱਗਿਆ ਸੀ ਤੇ ਹੜ੍ਹ ਆਉਣ ਕਾਰਨ 27 ਕੁੜੀਆਂ ਲਾਪਤਾ ਹੋ ਗਈਆਂ ਹਨ। ਕੈਂਪ ਵਿੱਚ ਸਾਢੇ ਸੱਤ ਸੌ ਦੇ ਕਰੀਬ ਕੁੜੀਆਂ ਸਨ। ਇੰਨਾ ਤੇਜ਼ ਮੀਂਹ ਪਿਆ ਕਿ ਮਹਿਜ਼ 45 ਮਿੰਟ ਵਿੱਚ ਹੀ ਨਦੀ ਦਾ ਪੱਧਰ 26 ਫੁੱਟ ਤੱਕ ਵਧ ਗਿਆ, ਜਿਸ ਕਾਰਨ ਘਰ ਤੇ ਵਾਹਨ ਪਾਣੀ ਵਿਚ ਰੁੜ੍ਹ ਗਏ।
ਮਜੀਠੀਆ ਹੁਣ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ
ਮੁਹਾਲੀ : ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁਲਸ ਰਿਮਾਂਡ ਖਤਮ ਹੋਣ ’ਤੇ ਐਤਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਨਿਊ ਨਾਭਾ ਜੇਲ੍ਹ ਭੇਜ ਦਿੱਤਾ। ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਇੱਕ ਮਾਮਲੇ ਵਿੱਚ ਅੰਮਿ੍ਰਤਸਰ ਘਰੋਂ ਗਿ੍ਰਫਤਾਰ ਕੀਤਾ ਸੀ।
120 ਯੂਕਰੇਨੀ ਡਰੋਨ ਫੁੰਡੇ
ਮਾਸਕੋ : ਰੂਸ ਦੇ ਐਂਟੀ-ਏਅਰਕ੍ਰਾਫਟ ਸਿਸਟਮ ਨੇ ਸ਼ਨਿੱਚਰਵਾਰ ਰਾਤ 120 ਯੂਕਰੇਨੀ ਡਰੋਨ ਡੇਗ ਦਿੱਤੇ। ਇਨ੍ਹਾਂ ਵਿਚੋਂ ਜ਼ਿਆਦਾਤਰ ਡਰੋਨ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਡੇਗੇ ਗਏ, ਜਿਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ। ਦੋਵਾਂ ਦੇਸ਼ਾਂ ਦਰਮਿਆਨ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਜੰਗ ਜਾਰੀ ਹੈ।