ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਦੱਖਣਪੁਰੀ ਇਲਾਕੇ ਵਿੱਚ ਸ਼ਨੀਵਾਰ ਇੱਕ ਘਰ ਦੇ ਅੰਦਰ ਏ ਸੀ ਦੀ ਮੁਰੰਮਤ ਕਰ ਰਹੇ ਚਾਰ ਨੌਜਵਾਨ ਮਿ੍ਰਤਕ ਪਾਏ ਗਏ। ਸ਼ੁਰੂਆਤੀ ਜਾਂਚ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਏ ਸੀ ਦੀ ਗੈਸ ਦੇ ਲੀਕ ਹੋਣ ਕਾਰਨ ਦਮ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਮਿ੍ਰਤਕਾਂ ਦੀ ਪਛਾਣ ਇਮਰਾਨ ਉਰਫ ਸਲਮਾਨ (30), ਮੋਹਸਿਨ (20), ਹਸੀਬ ਅਤੇ ਕਪਿਲ ਉਰਫ ਅੰਕਿਤ ਰਸਤੋਗੀ (18) ਵਜੋਂ ਹੋਈ ਹੈ। ਇਹ ਸਾਰੇ ਯੂ ਪੀ ਦੇ ਬਰੇਲੀ ਦੇ ਰਹਿਣ ਵਾਲੇ ਸਨ ਅਤੇ ਦਿੱਲੀ ਵਿੱਚ ਏ ਸੀ ਮੁਰੰਮਤ ਕਰਨ ਦਾ ਕੰਮ ਕਰਦੇ ਸਨ। ਜਦੋਂ ਦੋ ਮਿ੍ਰਤਕਾਂ ਦੇ ਚਚੇਰੇ ਭਰਾ ਜੀਸ਼ਾਨ ਨੇ ਫੋਨ ਕੀਤਾ ਤਾਂ ਕੋਈ ਜਵਾਬ ਨਹੀਂ ਆਇਆ। ਸ਼ੱਕ ਹੋਣ ’ਤੇ ਉਸਨੇ ਪੁਲਸ ਨੂੰ ਸੂਚਤ ਕੀਤਾ। ਪੁਲਸ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ ਘਰ ਅੰਦਰੋਂ ਬੰਦ ਸੀ। ਜਦੋਂ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਚਾਰੇ ਨੌਜਵਾਨ ਪਹਿਲੀ ਮੰਜ਼ਿਲ ’ਤੇ ਬੇਹੋਸ਼ ਪਏ ਸਨ। ਉਨ੍ਹਾਂ ਨੂੰ ਤੁਰੰਤ ਡਾ. ਅੰਬੇਡਕਰ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ, ਜਦੋਂ ਕਿ ਹਸੀਬ ਦੀ ਇਲਾਜ ਦੌਰਾਨ ਮੌਤ ਹੋ ਗਈ।
ਹਾਲਾਂਕਿ, ਏ ਸੀ ਦੀ ਗੈਸ ਏਨੀ ਜ਼ਹਿਰੀਲੀ ਨਹੀਂ ਹੁੰਦੀ ਕਿ ਇਹ ਇੱਕ ਵਾਰ ਵਿੱਚ ਮੌਤ ਦਾ ਕਾਰਨ ਬਣ ਜਾਵੇ। ਪਰ ਜੇ ਬੰਦ ਕਮਰੇ ਵਿੱਚ ਵੱਡੀ ਮਾਤਰਾ ਵਿੱਚ ਗੈਸ ਲੀਕ ਹੋ ਜਾਵੇ, ਤਾਂ ਇਹ ਆਕਸੀਜਨ ਦੀ ਥਾਂ ਲੈ ਲੈਂਦੀ ਹੈ, ਜਿਸ ਨਾਲ ਦਮ ਘੁੱਟ ਸਕਦਾ ਹੈ। ਇਹੀ ਕਾਰਨ ਹੈ ਕਿ ਜੇ ਹਵਾਦਾਰੀ ਨਾ ਹੋਵੇ ਤਾਂ ਏ ਸੀ ਦੀ ਮੁਰੰਮਤ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ।