ਪਾਕੇਟ ਚਾਕੂ ਤੇ ਹੇਅਰ ਕਲਿੱਪ ਨਾਲ ਬੱਚੇ ਨੂੰ ਲਿਆਂਦਾ ਦੁਨੀਆ ’ਚ

0
88

ਝਾਂਸੀ : ਪਾਕੇਟ ਚਾਕੂ ਤੇ ਹੇਅਰ ਕਲਿੱਪਇਹ ਉਹ ਔਜਾਰ ਸਨ, ਜਿਨ੍ਹਾਂ ਦੀ ਮਦਦ ਨਾਲ ਫੌਜ ਦੇ ਡਾਕਟਰ ਨੇ ਸ਼ਨਿੱਚਰਵਾਰ ਦੁਪਹਿਰ ਝਾਂਸੀ ਰੇਲਵੇ ਸਟੇਸ਼ਨ ’ਤੇ ਇੱਕ ਮਹਿਲਾ ਨੂੰ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ। ਝਾਂਸੀ ਮਿਲਟਰੀ ਹਸਪਤਾਲ ਵਿੱਚ ਤਾਇਨਾਤ 31 ਸਾਲਾ ਮੇਜਰ ਰੋਹਿਤ ਬਚਵਾਲਾ ਆਪਣੇ ਪਰਵਾਰ ਨੂੰ ਮਿਲਣ ਲਈ ਇੱਕ ਮਹੀਨੇ ਦੀ ਛੁੱਟੀ ’ਤੇ ਵਾਇਆ ਬੇਂਗਲੁਰੂ ਹੈਦਰਾਬਾਦ ਜਾ ਰਹੇ ਸਨ। ਗੱਡੀ ਦੀ ਉਡੀਕ ’ਚ ਉਨ੍ਹਾ ਫੁਟਓਵਰ ਬਿ੍ਰਜ ’ਤੇ ਇੱਕ ਗਰਭਵਤੀ ਮਹਿਲਾ ਨੂੰ ਬਹੁਤ ਦਰਦ ਵਿੱਚ ਦੇਖਿਆ। ਉਨ੍ਹਾ ਤੁਰੰਤ ਆਪਣੇ ਪਾਕੇਟ ਚਾਕੂ ਤੇ ਹੇਅਰ ਕਲਿੱਪ ਤੋਂ ਇਲਾਵਾ ਧੋਤੀ ਦਾ ਜੁਗਾੜ ਕਰਕੇ ਡਿਲੀਵਰੀ ਕਰਵਾ ਦਿੱਤੀ। ਰੇਲਵੇ ਮੁਲਾਜ਼ਮਾਂ ਨੇ ਦਸਤਾਨਿਆਂ ਦਾ ਪ੍ਰਬੰਧ ਕੀਤਾ।
ਡਿਲੀਵਰੀ ਤੋਂ ਬਾਅਦ ਮਹਿਲਾ ਤੇ ਬੱਚੇ ਨੂੰ ਨੇੜਲੇ ਹਸਪਤਾਲ ਪਹੁੰਚਾ ਦਿੱਤਾ ਗਿਆ। ਮੇਜਰ ਬਚਵਾਲਾ ਨੇ ਦੱਸਿਆ, ‘‘ਮਹਿਲਾ ਟੀ ਟੀ ਈ ਗਰਭਵਤੀ ਮਹਿਲਾ ਨੂੰ ਵ੍ਹੀਲਚੇਅਰ ’ਤੇ ਡਾਕਟਰੀ ਸਹਾਇਤਾ ਲਈ ਲਿਜਾ ਰਹੀ ਸੀ। ਜਦੋਂ ਉਸਨੂੰ ਫੁਟਓਵਰ ਬਿ੍ਰਜ ’ਤੇ ਲਿਫਟ ਤੋਂ ਬਾਹਰ ਲਿਆਂਦਾ ਗਿਆ, ਉਹ ਦਰਦ ਨਾਲ ਕਰਾਹੁਣ ਲੱਗੀ। ਮੈਂ ਉਸ ਕੋਲ ਗਿਆ ਤੇ ਜੋ ਵੀ ਵਸੀਲੇ ਮੇਰੇ ਕੋਲ ਸਨ, ਉਨ੍ਹਾਂ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ।’’ ਮਹਿਲਾ ਪਤੀ ਨਾਲ ਪਨਵੇਲ ਤੋਂ ਬਾਰਾਬੰਕੀ ਜਾ ਰਹੀ ਸੀ ਪਰ ਅਚਾਨਕ ਦਰਦਾਂ ਹੋਣ ’ਤੇ ਪਤੀ ਨੇ ਰੇਲਵੇ ਤੋਂ ਮਦਦ ਮੰਗੀ ਤੇ ਉਨ੍ਹਾਂ ਨੂੰ ਝਾਂਸੀ ਸਟੇਸ਼ਨ ’ਤੇ ਉਤਾਰਿਆ ਗਿਆ।