ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਧੇ ਤਕਰਾਰ ਦਰਮਿਆਨ ਦੁਨੀਆ ਦੇ ਸਭ ਤੋਂ ਅਮੀਰ ਬਿਜ਼ਨਸਮੈਨ ਤੇ ਟੈਸਲਾ ਦੇ ਸੀ ਈ ਓ ਐਲਨ ਮਸਕ ਨੇ ‘ਅਮਰੀਕਾ ਪਾਰਟੀ’ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਟਰੰਪ ਦਾ ਵੱਡਾ ਟੈਕਸ ਬਿੱਲ ਅਮਰੀਕਾ ਨੂੰ ਦੀਵਾਲੀਆ ਕਰ ਦੇਵੇਗਾ। ਉਸ ਨੇ ਇਕ ਦਿਨ ਪਹਿਲਾਂ ਆਪਣੇ ‘ਐਕਸ’ ਪਲੇਟਫਾਰਮ ’ਤੇ ਫਾਲੋਅਰਜ਼ ਨੂੰ ਪੁੱਛਿਆ ਸੀ ਕਿ ਕੀ ਇੱਕ ਨਵੀਂ ਅਮਰੀਕੀ ਸਿਆਸੀ ਪਾਰਟੀ ਬਣਾਈ ਜਾਣੀ ਚਾਹੀਦੀ ਹੈ। ਇਸ ਪੋਲ ਵਿੱਚ 66 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਨਵੀਂ ਪਾਰਟੀ ਚਾਹੁੰਦੇ ਹਨ। ਇਸ ਤੋਂ ਬਾਅਦ ਮਸਕ ਨੇ ਪੋਸਟ ਵਿੱਚ ਐਲਾਨ ਕੀਤਾ, “ਅੱਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ।’’ ਮਸਕ ਵੱਲੋਂ ਇਹ ਐਲਾਨ ਟਰੰਪ ਵੱਲੋਂ ਬੀਤੇ ਦਿਨੀਂ ਟੈਕਸ ਕਟੌਤੀ ਅਤੇ ਖਰਚ ਬਿੱਲ ’ਤੇ ਦਸਤਖਤ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਮਸਕ ਨੇ ਟਰੰਪ ਦੀ ਚੋਣ ’ਤੇ ਵੱਡੀ ਰਕਮ ਖਰਚ ਕੀਤੀ ਸੀ, ਪਰ ਟਰੰਪ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਟਰੰਪ ਨੇ ਕੁਝ ਦਿਨ ਪਹਿਲਾਂ ਮਸਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਉਨ੍ਹਾ ਦੀ ਕੰਪਨੀ ਦੀ ਸਬਸਿਡੀ ਬੰਦ ਕਰ ਦਿੱਤੀ ਤਾਂ ਉਨ੍ਹਾ ਨੂੰ ਆਪਣਾ ਕਾਰੋਬਾਰ ਛੱਡ ਕੇ ਦੱਖਣੀ ਅਫਰੀਕਾ ਪਰਤਣਾ ਪਵੇਗਾ। ਟਰੰਪ ਨੇ ਕਿਹਾ ਸੀ ਕਿ ਸਬਸਿਡੀ ਬੰਦ ਹੋਣ ਨਾਲ ਟੈਸਲਾ ਨਾ ਤਾਂ ਇਲੈਕਟਿ੍ਰਕ ਕਾਰਾਂ ਦਾ ਉਤਪਾਦਨ ਕਰ ਸਕੇਗੀ ਤੇ ਨਾ ਹੀ ਸਪੇਸਐਕਸ ਦੇ ਰਾਕੇਟ, ਸੈਟੇਲਾਈਟ ਲਾਂਚ ਕੀਤੇ ਜਾਣਗੇ। ਉਨ੍ਹਾ ਕਿਹਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਕਾਫੀ ਪੈਸਾ ਮਿਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਟਰੰਪ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਲੈਕਟਿ੍ਰਕ ਵਾਹਨਾਂ ਲਈ ਲਾਈਆਂ ਜਾਂਦੀਆਂ ਸ਼ਰਤਾਂ ਖਿਲਾਫ ਹਨ, ਭਾਵੇਂ ਇਲੈਕਟਿ੍ਰਕ ਗੱਡੀਆਂ ਚੰਗੀਆਂ ਹਨ, ਪਰ ਇਨ੍ਹਾਂ ਗੱਡੀਆਂ ਨੂੰ ਖਰੀਦਣ ਲਈ ਹਰ ਇਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਮਸਕ ਨੇ ਰਿਪਬਲੀਕਨ ਅਤੇ ਡੈਮੋਕ੍ਰੇਟਿਕ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾ ਕਿਹਾ ਕਿ ਜਦੋਂ ਅਮਰੀਕਾ ਨੂੰ ਬਰਬਾਦ ਕਰਨ ਅਤੇ ਭਿ੍ਰਸ਼ਟਾਚਾਰ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਪਾਰਟੀਆਂ ਇੱਕੋ ਜਿਹੀਆਂ ਹਨ। ਹੁਣ ਦੇਸ਼ ਨੂੰ ਦੋ ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਮਿਲੇਗੀ।
‘ਬਿਗ ਬਿਊਟੀਫੁੱਲ ਬਿੱਲ’ ਪਾਸ ਹੋਣ ਨਾਲ ਟੈਸਲਾ ਵਰਗੀਆਂ ਕੰਪਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਇਲੈਕਟਿ੍ਰਕ ਵਾਹਨ ਅਤੇ ਗਰੀਨ ਐਨਰਜੀ ਸਬਸਿਡੀਆਂ ਖਤਮ ਹੋ ਜਾਣਗੀਆਂ, ਜਿਸ ਕਾਰਨ ਮਸਕ ਦੀਆਂ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਵੇਗਾ।
ਮਸਕ ਦਾ ਮੰਨਣਾ ਹੈ ਕਿ ਇਹ ਬਿੱਲ ਪ੍ਰਦੂਸ਼ਣ ਫੈਲਾਉਣ ਵਾਲੇ ਜੈਵਿਕ ਬਾਲਣ ਅਤੇ ਨਿਰਮਾਣ ਉਦਯੋਗਾਂ ਨੂੰ ਲਾਭ, ਜਦੋਂ ਕਿ ਤਕਨਾਲੋਜੀ ਅਤੇ ਨਵੀਨਤਾ ਖੇਤਰ ਨੂੰ ਨੁਕਸਾਨ ਪਹੁੰਚਾਏਗਾ।
ਮੀਡੀਆ ਰਿਪੋਰਟਾਂ ਅਨੁਸਾਰ, ਮਸਕ ਨੇ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਲਈ ਲੱਗਭੱਗ 2500 ਕਰੋੜ ਰੁਪਏ ਖਰਚ ਕੀਤੇ ਸਨ। ਟਰੰਪ ਨੇ ਚੋਣ ਜਿੱਤਣ ਤੋਂ ਬਾਅਦ ਮਸਕ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਵੀ ਦਿੱਤੀ। ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਗਿਆ ਸੀ। ਇਹ ਵਿਭਾਗ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਅਮਰੀਕਾ ਵਿੱਚ ਫਜ਼ੂਲ ਸਰਕਾਰੀ ਖਰਚਿਆਂ ਨੂੰ ਰੋਕਿਆ ਜਾ ਸਕੇ, ਪਰ ਬਾਅਦ ਵਿੱਚ ਨਾਰਾਜ਼ ਹੋ ਕੇ ਮਸਕ ਲਾਂਭੇ ਹੋ ਗਿਆ ਸੀ।
ਅਮਰੀਕੀ ਸੰਵਿਧਾਨ ਦੇ ਅਨੁਸਾਰ ਅਮਰੀਕਾ ਵਿੱਚ ਪੈਦਾ ਹੋਣ ਵਾਲਾ ਹੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜ ਸਕਦਾ ਹੈ। ਐਲਨ ਮਸਕ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਸੀ। ਮਸਕ ਪਹਿਲਾਂ ਹੀ ਮੰਨ ਚੁੱਕਾ ਹੈ ਕਿ ਉਸ ਦੀ ਦਾਦੀ ਅਮਰੀਕੀ ਨਾਗਰਿਕ ਸੀ, ਪਰ ਉਸ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਸੀ। ਇਸ ਲਈ ਉਹ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਉਸ ਨੂੰ ਸਾਲ 2002 ਵਿੱਚ ਅਮਰੀਕੀ ਨਾਗਰਿਕਤਾ ਮਿਲੀ ਸੀ।
ਭਾਵੇਂ ਅਮਰੀਕਾ ਵਿੱਚ ਬਹੁ-ਪਾਰਟੀ ਪ੍ਰਣਾਲੀ ਹੈ। ਰਿਫਾਰਮ ਪਾਰਟੀ, ਲਿਬਰਟੇਰੀਅਨ ਪਾਰਟੀ, ਸੋਸ਼ਲਿਸਟ ਪਾਰਟੀ, ਨੈਚੁਰਲ ਲਾਅ ਪਾਰਟੀ, ਕੰਸਟੀਚਿਊਸ਼ਨ ਪਾਰਟੀ ਅਤੇ ਗ੍ਰੀਨ ਪਾਰਟੀ ਵਰਗੀਆਂ ਪਾਰਟੀਆਂ ਵੀ ਚੋਣਾਂ ਲੜਦੀਆਂ ਰਹੀਆਂ ਹਨ ਪਰ ਅਮਰੀਕਾ ਦੀ ਆਜ਼ਾਦੀ ਤੋਂ ਬਾਅਦ ਸਿਰਫ ਦੋ ਪਾਰਟੀਆਂਰਿਪਬਲੀਕਨ ਤੇ ਡੈਮੋਕ੍ਰੇਟਿਕ ਪਾਰਟੀਦਾ ਦਬਦਬਾ ਰਿਹਾ ਹੈ।
ਅਮਰੀਕਾ ਵਿੱਚ ਛੋਟੀਆਂ ਪਾਰਟੀਆਂ ਲਈ ਚੋਣਾਂ ਲੜਨਾ ਇੰਨਾ ਆਸਾਨ ਨਹੀਂ ਹੈ। ਦਰਅਸਲ, ਡੈਮੋਕ੍ਰੇਟਿਕ ਅਤੇ ਰਿਪਬਲੀਕਨ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂਅ ਆਮ ਚੋਣ ਬੈਲਟ ’ਤੇ ਆਪਣੇ ਆਪ ਸ਼ਾਮਲ ਹੋ ਜਾਂਦੇ ਹਨ, ਪਰ ਛੋਟੀਆਂ ਪਾਰਟੀਆਂ ਨੂੰ ਆਪਣਾ ਨਾਂਅ ਬੈਲਟ ’ਤੇ ਪਾਉਣ ਲਈ ਕਾਫੀ ਗਿਣਤੀ ਵਿੱਚ ਰਜਿਸਟਰਡ ਵੋਟਰਾਂ ਦੇ ਦਸਤਖਤਾਂ ਦੀ ਲੋੜ ਹੁੰਦੀ ਹੈ। ਇਹ ਇੱਕ ਬਹੁਤ ਮਹਿੰਗੀ ਪ੍ਰਕਿਰਿਆ ਹੈ।
ਡੈਮੋਕ੍ਰੇਟਿਕ ਅਤੇ ਰਿਪਬਲੀਕਨ ਰਾਸ਼ਟਰਪਤੀ ਉਮੀਦਵਾਰਾਂ ਨੂੰ ਆਮ ਚੋਣਾਂ ਲਈ ਪੂਰੀ ਫੈਡਰਲ ਵਿੱਤੀ ਸਹਾਇਤਾ ਮਿਲਦੀ ਹੈ, ਪਰ ਇੱਕ ਛੋਟੀ ਪਾਰਟੀ ਨੂੰ ਫੈਡਰਲ ਫੰਡ ਦਾ ਹਿੱਸਾ ਤਾਂ ਹੀ ਮਿਲੇਗਾ ਜੇ ਉਸ ਦੇ ਉਮੀਦਵਾਰ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ 5 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹੋਣ।
ਭਾਵੇਂ ਛੋਟੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਰਾਸ਼ਟਰਪਤੀ ਬਣਨਾ ਬਹੁਤ ਮੁਸ਼ਕਲ ਹੈ ਪਰ ਇਹ ਪਾਰਟੀਆਂ ਕਈ ਵਾਰ ਗੇਮ ਚੇਂਜਰ ਸਾਬਤ ਹੋਈਆਂ ਹਨ। 1912 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਨੇ ਰਿਪਬਲੀਕਨ ਰਾਸ਼ਟਰਪਤੀ ਵਿਲੀਅਮ ਹਾਵਰਡ ਟਾਫਟ ਦੇ ਵਿਰੁੱਧ ਚੋਣ ਲੜੀ।
ਰੂਜ਼ਵੈਲਟ ਦੇ ਚੋਣ ਲੜਨ ਨਾਲ ਰਿਪਬਲਿਕਨ ਪਾਰਟੀ ਦੀਆਂ ਵੋਟਾਂ ਵੰਡੀਆਂ ਗਈਆਂ। ਨਤੀਜਾ ਇਹ ਹੋਇਆ ਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵੁੱਡਰੋ ਵਿਲਸਨ ਸਿਰਫ 42 ਪ੍ਰਤੀਸ਼ਤ ਵੋਟਾਂ ਨਾਲ ਰਾਸ਼ਟਰਪਤੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ। 2000 ਵਿੱਚ ਗ੍ਰੀਨ ਪਾਰਟੀ ਦੇ ਉਮੀਦਵਾਰ ਰਾਲਫ ਨਾਡਰ ਨੂੰ ਸਿਰਫ 2.7 ਪ੍ਰਤੀਸ਼ਤ ਵੋਟਾਂ ਮਿਲੀਆਂ, ਪਰ ਇਸ ਵੋਟ ਪ੍ਰਤੀਸ਼ਤਤਾ ਦੇ ਕਾਰਨ ਰਿਪਬਲੀਕਨ ਉਮੀਦਵਾਰ ਜਾਰਜ ਡਬਲਯੂ ਬੁਸ਼ ਨੇ ਰਾਸ਼ਟਰਪਤੀ ਚੋਣ ਜਿੱਤੀ। ਜੇ ਨਾਡਰ ਚੋਣ ਮੈਦਾਨ ਵਿੱਚ ਨਾ ਹੁੰਦੇ ਤਾਂ ਡੈਮੋਕ੍ਰੇਟਿਕ ਉਮੀਦਵਾਰ ਅਲ ਗੋਰ ਜਿੱਤ ਸਕਦੇ ਸਨ।





