ਸਨਮਾਨਾਂ ਦੀ ਤੁਲਨਾ

0
178

ਭਾਜਪਾ ਦੇ ਆਈ ਟੀ ਸੈੱਲ ਦੇ ਚੇਅਰਮੈਨ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 25 ਕੌਮਾਂਤਰੀ ਸਨਮਾਨ ਮਿਲੇ ਹਨ, ਜਦਕਿ ਨਹਿਰੂ, ਇੰਦਰਾ ਤੇ ਮਨਮੋਹਨ ਸਿੰਘ ਨੂੰ ਕੁਲ ਮਿਲਾ ਕੇ ਛੇ ਸਨਮਾਨ ਮਿਲੇ। ਮਾਲਵੀਆ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇਹ ਸਨਮਾਨ ਵਿਦੇਸ਼ ਦੌਰਿਆਂ ਦੇ ਸ਼ੌਕੀਨ ਮੋਦੀ ਦੀ ਵਿਦੇਸ਼ ਨੀਤੀ ਦੀ ਸਫਲਤਾ ਦਾ ਪੈਮਾਨਾ ਹਨ। ਜੇ ਇੰਜ ਹੀ ਹੈ ਤਾਂ ਉਨ੍ਹਾ ਤੋਂ ਪੁੱਛਿਆ ਜਾ ਸਕਦਾ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਮੋਦੀ ਨੂੰ ਸਨਮਾਨ ਦਿੱਤਾ, ਉਨ੍ਹਾਂ ਮੋਦੀ ਦੀ ਕਿਸੇ ਅਜਿਹੀ ਨੀਤੀ ਦੀ ਤਾਰੀਫ ਕੀਤੀ, ਜਿਹੜੀ ਵਿਸ਼ਵ ਮਿਸਾਲ ਬਣ ਸਕੇ? ਕੀ ਮੋਦੀ ਨੇ ਕੋਈ ਅਜਿਹਾ ਸਿਧਾਂਤ ਪੇਸ਼ ਕੀਤਾ, ਜਿਹੜਾ ਦੁਨੀਆ ਲਈ ਰਾਹ ਦਸੇਰਾ ਬਣਿਆ, ਜਿਵੇਂ ਕਿ ਨਹਿਰੂ ਨੇ ਕਰਕੇ ਦਿਖਾਇਆ।
ਜਵਾਹਰ ਲਾਲ ਨਹਿਰੂ ਨੇ ਮਹਾਤਮਾ ਗਾਂਧੀ ਦੇ ਅਹਿੰਸਕ ਦਰਸ਼ਨ ਨੂੰ ਵਿਦੇਸ਼ ਨੀਤੀ ਵਿੱਚ ਢਾਲਿਆ। 1927 ਵਿੱਚ ਬ੍ਰਸੱਲਜ਼ ਦੇ ਬਸਤੀਵਾਦ ਵਿਰੋਧੀ ਸੰਮੇਲਨ ’ਚ ਉਨ੍ਹਾ ਭਾਰਤ ਦੀ ਭਾਵੀ ਵਿਦੇਸ਼ ਨੀਤੀ ਦਾ ਇਹ ਕਹਿੰਦਿਆਂ ਖਾਕਾ ਖਿੱਚਿਆ ਕਿ ਭਾਰਤ ਇੱਕ ਮਜ਼ਬੂਤ, ਇਕਜੁੱਟ ਰਾਸ਼ਟਰ ਹੋਵੇਗਾ, ਜਿਹੜਾ ਆਪਣੇ ਗੁਆਂਢੀਆਂ ਨਾਲ ਪੀਢੇ ਸੰਬੰਧ ਰੱਖੇਗਾ ਤੇ ਵਿਸ਼ਵ ਮਾਮਲਿਆਂ ਵਿੱਚ ਅਹਿਮ ਰੋਲ ਨਿਭਾਏਗਾ। ਉਨ੍ਹਾ 1955 ਵਿੱਚ ਬਾਂਡੁੰਗ ਸੰਮੇਲਨ ’ਚ ਗੁੱਟਨਿਰਲੇਪ ਅੰਦੋਲਨ ਦੀ ਨੀਂਹ ਰੱਖੀ, ਜਿਸ ਨੇ ਭਾਰਤ ਨੂੰ ਤੀਜੀ ਦੁਨੀਆ ਦਾ ਆਗੂ ਬਣਾਇਆ। ਇਸ ਸੰਮੇਲਨ ਦੇ ਬਾਅਦ ਨਹਿਰੂ ਪੂਰੀ ਦੁਨੀਆ ਵਿੱਚ ਅਮਨ ਦੇ ਮਸੀਹਾ ਦੇ ਰੂਪ ’ਚ ਉੱਭਰੇ। ਉਦੋਂ ਦੁਨੀਆ ਸੀਤ ਯੁੱਧ ਵਿੱਚ ਉਲਝੀ ਹੋਈ ਸੀ। ਤਮਾਮ ਦੇਸ਼ ਅਮਰੀਕਾ ਤੇ ਸੋਵੀਅਤ ਯੂਨੀਅਨ ਦੇ ਖੇਮਿਆਂ ਵਿੱਚ ਵੰਡੇ ਹੋਏ ਸਨ ਪਰ ਦੋਨੋਂ ਹੀ ਨਹਿਰੂ ਤੇ ਭਾਰਤ ਦਾ ਸਨਮਾਨ ਕਰਦੇ ਸਨ। ਇੰਦਰਾ ਗਾਂਧੀ ਨੇ ਨਹਿਰੂ ਦੀ ਤਰ੍ਹਾਂ ਗੁੱਟਨਿਰਲੇਪ ਅੰਦੋਲਨ ਨੂੰ ਮਜ਼ਬੂਤ ਕੀਤਾ ਤੇ 1971 ਦੇ ਬੰਗਲਾਦੇਸ਼ ਯੁੱਧ ਵਿੱਚ ਭਾਰਤ ਦੀ ਤਾਕਤ ਦਾ ਲੋਹਾ ਮੰਨਵਾਇਆ। ਸਿੱਕਮ ਦਾ 16 ਮਈ 1975 ਨੂੰ ਭਾਰਤ ਦਾ 22ਵਾਂ ਰਾਜ ਬਣਨਾ ਇੰਦਰਾ ਦੀ ਰਣਨੀਤਕ ਹੁਸ਼ਿਆਰੀ ਦਾ ਸਬੂਤ ਸੀ। 2008 ਦੇ ਵਿਸ਼ਵ ਮੰਦਵਾੜੇ ਵੇਲੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੇ ਨਾ ਸਿਰਫ ਭਾਰਤ ਨੂੰ ਬਚਾਇਆ, ਸਗੋਂ ਸੰਕਟ ਵਿੱਚੋਂ ਨਿਕਲਣ ਲਈ ਦੁਨੀਆ ਨੂੰ ਰਾਹ ਦਿਖਾਇਆ। ਪੱਛਮ ਨੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਮੰਦੇ ਵਿੱਚੋਂ ਨਿਕਲਣ ਦਾ ਮਾਡਲ ਦੱਸਿਆ। 6 ਨਵੰਬਰ 2010 ਵਿੱਚ ਭਾਰਤ ਆਏ ਵੇਲੇ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀਜਦ ਡਾ. ਮਨਮੋਹਨ ਸਿੰਘ ਬੋਲਦੇ ਹਨ ਤਾਂ ਲੋਕ ਸੁਣਦੇ ਹਨ, ਨਾ ਸਿਰਫ ਭਾਰਤ ਦੇ, ਸਗੋਂ ਸਾਰੀ ਦੁਨੀਆ ਦੇ।
ਮੋਦੀ 2014 ਤੋਂ ਜੁਲਾਈ 2025 ਤੱਕ 77 ਦੇਸ਼ਾਂ ਦੀਆਂ 90 ਯਾਤਰਾਵਾਂ ਕਰ ਚੁੱਕੇ ਹਨ, ਜਿਨ੍ਹਾਂ ’ਤੇ ਲੱਗਭੱਗ 2800 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਵਿਦੇਸ਼ੀ ਆਗੂਆਂ ਨੂੰ ਜੱਫੀਆਂ ਪਾਉਣ ਦੀਆਂ ਤਸਵੀਰਾਂ ਤੋਂ ਇਲਾਵਾ ਅਮਿਤ ਮਾਲਵੀਆ ਦੱਸ ਸਕਦੇ ਹਨ ਕਿ ਮੋਦੀ ਦੀਆਂ ਕੀ ਪ੍ਰਾਪਤੀਆਂ ਰਹੀਆਂ। ਦੋਸਤ ਟਰੰਪ ਕਈ ਵਾਰ ਦਾਅਵਾ ਕਰ ਚੁੱਕਾ ਹੈ ਕਿ ਭਾਰਤ-ਪਾਕਿਸਤਾਨ ਦੀ ਜੰਗ ਉਸ ਨੇ ਰੁਕਵਾਈ, ਜਿਸ ਦਾ ਮੋਦੀ ਨੇ ਨਿੱਜੀ ਤੌਰ ’ਤੇ ਖੰਡਨ ਨਹੀਂ ਕੀਤਾ। ਇਹ ਭਾਰਤ ਦੀ ਕੂਟਨੀਤੀ ਨੂੰ ਦਰਸਾਉਦਾ ਹੈ। ਮੋਦੀ ਦੇ ਦੌਰ ਵਿੱਚ ਹੀ ਅਜਿਹਾ ਹੋਇਆ ਹੈ ਕਿ ਗੁਆਂਢੀ ਦੂਰ ਹੁੰਦੇ ਜਾ ਰਹੇ ਹਨ। ਅਪ੍ਰੇਸ਼ਨ ਸਿੰਧੂਰ ਦੇ ਬਾਅਦ ਪਾਕਿਸਤਾਨ ਦੀ ਵਿਸ਼ਵ ਹੈਸੀਅਤ ਵਧੀ ਹੈ ਜਦਕਿ ਭਾਰਤ ਅਲੱਗ-ਥਲੱਗ ਪਿਆ ਹੈ। ਮੋਦੀ ਦੀਆਂ ਤਸਵੀਰਾਂ ਤੇ ਮੈਡਲ ਪ੍ਰਚਾਰ ਦਾ ਹਿੱਸਾ ਹੋ ਸਕਦੇ ਹਨ, ਪਰ ਦੁਨੀਆ ਭਾਰਤ ਨੂੰ ਲੋਕਤੰਤਰ, ਭੁੱਖਮਰੀ ਤੇ ਨਾਬਰਾਬਰੀ ਦੇ ਪੈਮਾਨਿਆਂ ’ਤੇ ਪਰਖਦੀ ਹੈ, ਜਿਨ੍ਹਾਂ ’ਤੇ ਮੋਦੀ ਸਰਕਾਰ ਦਾ ਰਿਕਾਰਡ ਬੇਹੱਦ ਖਰਾਬ ਹੈ।