ਮਾਸਕੋ : ਰੂਸ ਨੇ ਸੋਮਵਾਰ ਕਿਹਾ ਕਿ ਵੱਖ-ਵੱਖ ਮੁਲਕਾਂ ਦਾ ਸਮੂਹ ਬਿ੍ਰਕਸ ਦੂਜੇ ਦੇਸ਼ਾਂ ਦੀ ਹੇਠੀ ਕਰਨ ਜਾਂ ਉਨ੍ਹਾਂ ਨੂੰ ਕਮਜ਼ੋਰ ਕਰਨ ਲਈ ਹਰਗਿਜ਼ ਕੰਮ ਨਹੀਂ ਕਰ ਰਿਹਾ । ਰੂਸ ਦਾ ਇਸ ਸਮੂਹ ਬਾਰੇ ਇਹ ਐਲਾਨ ਅਮਰੀਕਾ ਦੇ ਪ੍ਰਧਾਨ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ਵਿਰੋਧੀ ਨੀਤੀਆਂ ਨਾਲ ਜੁੜੇ ਮੁਲਕਾਂ ’ਤੇ 10 ਫੀਸਦੀ ਟੈਰਿਫ ਲਗਾਉਣਗੇ।
ਟਰੰਪ ਨੇ ਇਹ ਟਿੱਪਣੀਆਂ ਐਤਵਾਰ ਬ੍ਰਾਜ਼ੀਲ ਵਿੱਚ ਬਿ੍ਰਕਸ ਨੇਤਾਵਾਂ ਦੇ ਸੰਮੇਲਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਪ੍ਰਤੀਕਰਮ ਵਜੋਂ ਕੀਤੀਆਂ। ਟਰੰਪ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੇਸ਼ਕੋਵ ਨੇ ਕਿਹਾ ਕਿ ਕਰੈਮਲਿਨ ਨੇ ਇਨ੍ਹਾਂ ਟਿੱਪਣੀਆਂ ਦਾ ਨੋਟਿਸ ਲਿਆ ਹੈ।
ਪੇਸ਼ਕੋਵ ਨੇ ਕਿਹਾ, ‘ਅਸੀਂ ਸੱਚਮੁੱਚ ਰਾਸ਼ਟਰਪਤੀ ਟਰੰਪ ਦੇ ਅਜਿਹੇ ਬਿਆਨ ਦੇਖੇ ਹਨ, ਪਰ ਇੱਥੇ ਇਹ ਨੋਟ ਕਰਨਾ ਬਹੁਤ ਜ਼ਰੂਰੀ ਹੈ ਕਿ ਬਿ੍ਰਕਸ ਵਰਗੇ ਸਮੂਹ ਦੀ ਵਿਲੱਖਣਤਾ ਇਹ ਹੈ ਕਿ ਇਹ ਦੇਸ਼ਾਂ ਦਾ ਸਮੂਹ ਹੈ, ਜੋ ਸਾਂਝੇ ਦਿ੍ਰਸ਼ਟੀਕੋਣ ਅਤੇ ਆਪਣੇ ਹਿੱਤਾਂ ਦੇ ਅਧਾਰ ’ਤੇ ਸਹਿਯੋਗ ਕਰਨ ਦੇ ਤਰੀਕੇ ’ਤੇ ਇੱਕ ਸਾਂਝਾ ਵਿਸ਼ਵ ਦਿ੍ਰਸ਼ਟੀਕੋਣ ਬਣਾਉਂਦੇ ਹਨ। ਬਿ੍ਰਕਸ ਦੇ ਅੰਦਰ ਇਹ ਸਹਿਯੋਗ ਕਦੇ ਵੀ ਕਿਸੇ ਤੀਜੇ ਦੇਸ਼ ਦੇ ਵਿਰੁੱਧ ਨਹੀਂ ਰਿਹਾ ਅਤੇ ਨਾ ਹੀ ਕਦੇ ਹੋਵੇਗਾ।’
ਇਸੇ ਦੌਰਾਨ ਚੀਨ ਨੇ ਕਿਹਾ ਹੈ ਕਿ ਬਿ੍ਰਕਸ ਦੇਸ਼ ਅਮਰੀਕਾ ਨਾਲ ਟਕਰਾਅ ਨਹੀਂ ਚਾਹੁੰਦੇ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਚੀਨ ਕਈ ਵਾਰ ਦੁਹਰਾ ਚੁੱਕਾ ਹੈ ਕਿ ਵਪਾਰ ਤੇ ਟੈਰਿਫ ਜੰਗ ਵਿੱਚ ਕੋਈ ਨਹੀਂ ਜਿੱਤਦਾ ਅਤੇ ਸੁਰੱਖਿਆਵਾਦ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਟੈਰਿਫ ਨਾਲ ਕਿਸੇ ਦਾ ਕੁਝ ਨਹੀਂ ਸੌਰਦਾ।
ਟਰੰਪ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਮੁਲਕ ਬਿ੍ਰਕਸ ਦੀਆਂ ‘ਅਮਰੀਕਾ ਵਿਰੋਧੀ ਨੀਤੀਆਂ’ ਨਾਲ ਖੁਦ ਨੂੰ ਜੋੜੇਗਾ, ਉਨ੍ਹਾਂ ਉੱਤੇ ਅਮਰੀਕਾ ਵੱਲੋਂ ਵਾਧੂ ਦਰਾਮਦ ਟੈਕਸ (ਟੈਰਿਫ) ਲਗਾਇਆ ਜਾਵੇਗਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਲਿਖਿਆ, ‘‘ਕੋਈ ਵੀ ਮੁਲਕ ਜੋ ਬਿ੍ਰਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਖੁਦ ਨੂੰ ਜੋੜਦਾ ਹੈ, ਉੱਤੇ 10 ਫੀਸਦ ਵਾਧੂ ਟੈਕਸ ਲਗਾਇਆ ਜਾਵੇਗਾ। ਇਸ ਨੀਤੀ ਵਿੱਚ ਕੋਈ ਅਪਵਾਦ ਨਹੀਂ ਹੋਵੇਗਾ। ਕਿ੍ਰਪਾ ਕਰਕੇ ਇਸ ਮਾਮਲੇ ’ਤੇ ਧਿਆਨ ਦਿਓ।’’
ਟਰੰਪ ਨੇ ਹਾਲਾਂਕਿ ਆਪਣੀ ਇਸ ਪੋਸਟ ਵਿੱਚ ‘ਅਮਰੀਕਾ ਵਿਰੋਧੀ ਨੀਤੀਆਂ’ ਦਾ ਸਪੱਸ਼ਟ ਰੂਪ ’ਚ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਦੱਸਿਆ ਕਿ ਉਹ ਕਿਹੜੀਆਂ ਨੀਤੀਆਂ ਨੂੰ ਇਸ ਵਰਗ ਵਿੱਚ ਮੰਨਦੇ ਹਨ। ਬਿ੍ਰਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਦੀ ਸਥਾਪਨਾ 2009 ਵਿੱਚ ਹੋਈ ਸੀ, ਜਿਸ ਦਾ ਮਕਸਦ ਆਲਮੀ ਬਹੁਧਰੁਵੀਕਰਨ ਨੂੰ ਹੱਲਾਸ਼ੇਰੀ ਦੇਣਾ ਤੇ ਪੱਛਮੀ ਮੁਲਕਾਂ ਦੇ ਦਬਦਬੇ ਨੂੰ ਚੁਣੌਤੀ ਦੇਣਾ ਰਿਹਾ ਹੈ। ਪਿਛਲੇ ਸਾਲ ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੂੰ ਵੀ ਇਸ ਸਮੂਹ ਵਿੱਚ ਮੈਂਬਰਸ਼ਿਪ ਦਿੱਤੀ ਗਈ ਸੀ।





