ਪਟਿਆਲਾ : ਮੰਗਲਵਾਰ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦਾ ਹਰ ਮਹੀਨੇ ਦੀ ਤਰ੍ਹਾਂ ਸੇਵਾ-ਮੁਕਤ ਕਰਮਚਾਰੀਆਂ ਦਾ ਭਰਵਾਂ ਇਕੱਠ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ ਅਤੇ ਕੁਲਦੀਪ ਸਿੰਘ ਗਰੇਵਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਉਚੇਚੇ ਤੌਰ ’ਤੇ ਇਸ ਇਕੱਠ ਨੂੰ ਸੰਬੋਧਨ ਕਰਨ ਲਈ ਪੁੱਜੇ ਹੋੲ ਸਨ। ਧਾਲੀਵਾਲ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਦੀਆਂ ਨੀਤੀਆਂ ਅਤੇ ਰਵੱਈਏ ਸੰਬੰਧੀ ਕਿਹਾ ਕਿ ਅੱਜ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਇਹ ਦੋਵੇਂ ਹੀ ਪਬਲਿਕ ਸੈਕਟਰ ਵਿਰੋਧੀ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ’ਤੇ ਅਮਲ ਕਰਦੇ ਹੋਏ ਸਰਕਾਰੀ ਤੇ ਅਰਧ ਸਰਕਾਰੀ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਖਤਮ ਕਰਨ ’ਤੇ ਤੁਲੇ ਹੋਏ ਹਨ। ਇਨ੍ਹਾਂ ਅਦਾਰਿਆਂ ਦੀ ਮਾਲੀ ਅਤੇ ਨੀਤੀਗਤ ਮਦਦ ਨਾ ਕਰਕੇ ਇਨ੍ਹਾਂ ਨੂੰ ਕਮਜੋਰ ਕਰਕੇ ਖਤਮ ਕਰ ਰਹੇ ਹਨ। ਪੀ ਆਰ ਟੀ ਸੀ ਵਿੱਚ ਪਿਛਲੇ ਚਾਰ ਸਾਲਾਂ ਤੋਂ ਮਾਨ ਸਰਕਾਰ ਵੱਲੋਂ ਇੱਕ ਵੀ ਨਵੀਂ ਬੱਸ ਨਾ ਪੈਣ ਦੇਣੀ ਸਪੱਸ਼ਟ ਕਰਦਾ ਹੈ ਕਿ ਪ੍ਰਾਈਵੇਟ ਬੱਸ ਮਾਫੀਏ ਨੂੰ ਸਰਕਾਰ ਤੋਂ ਹਰ ਕਿਸਮ ਦੀ ਮਦਦ ਮਿਲ ਰਹੀ ਹੈ, ਜਿਸ ਕਾਰਨ ਹੀ ਨਵੀਂਆਂ ਬੱਸਾਂ ਨਹੀਂ ਪਾਈਆ ਜਾ ਰਹੀਆਂ, ਜਿਸ ਦਾ ਸਿੱਧਾ ਫਾਇਦਾ ਪ੍ਰਾਈਵੇਟ ਬੱਸ ਮਾਫੀਏ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਦੀ ਮਦਦ ਤਾਂ ਕੀ ਕੀਤੀ ਜਾਣੀ ਸੀ, ਉਲਟਾ ਔਰਤਾਂ ਦੇ ਮੁਫ਼ਤ ਸਫਰ ਬਦਲੇ ਬਣਦੀ 600 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਰਾਸ਼ੀ ਵੀ ਨਹੀਂ ਦਿੱਤੀ ਜਾ ਰਹੀ, ਜਿਸ ਦਾ ਹੀ ਸਿੱਟਾ ਹੈ ਕਿ ਪਿਛਲੇ ਮਹੀਨੇ ਪੈਨਸ਼ਨ ਅਤੇ ਤਨਖਾਹ 28 ਜੂਨ ਨੂੰ ਮਿਲੀ, ਮੈਡੀਕਲ ਬਿੱਲਾਂ ਦੇ ਪੈਸੇ ਨਹੀਂ ਮਿਲਦੇ, ਸੇਵਾ-ਮੁਕਤੀ ਬਕਾਏ ਨਹੀਂ ਮਿਲਦੇ, ਪੇ ਕਮਿਸ਼ਨ ਦੇ ਬਕਾਏ ਸਰਕਾਰ ਦੇ ਹੁਕਮ ਦੇ ਬਾਵਜੂਦ ਜਾਰੀ ਨਹੀਂ ਕੀਤੇ ਜਾ ਰਹੇ। ਇਸ ਮਹੀਨੇ ਫਿਰ ਅਜੇ ਤੱਕ ਤਨਖਾਹ/ ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਗਈ। ਸੇਵਾ-ਮੁਕਤ ਕਰਮਚਾਰੀਆਂ ਅਤੇ ਮੌਜੂਦਾ ਕਰਮਚਾਰੀਆਂ ਦੇ 170 ਕਰੋੜ ਰੁਪਏ ਦੇ ਕਾਨੂੰਨੀ ਤੌਰ ’ਤੇ ਮਿਲਣਯੋਗ ਬਕਾਏ ਨਹੀਂ ਦਿੱਤੇ ਜਾ ਰਹੇ। ਰਿਟਾਇਰੀਜ਼ ਦਾ ਗੈਰ-ਕਾਨੂੰਨੀ ਤੌਰ ’ਤੇ ਐੱਲ ਟੀ ਸੀ ਨਹੀਂ ਦਿੱਤਾ ਜਾ ਰਿਹਾ। ਸੇਵਾ-ਮੁਕਤੀ ਬਕਾਏ ਅਦਾ ਨਹੀਂ ਕੀਤੇ ਜਾ ਰਹੇ, ਗਰੈਚੂਟੀ ਆਦਿ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ।ਰੈਲੀ ਨੂੰ ਸੰਬੋਧਨ ਕਰਦਿਆਂ ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ ਅਤੇ ਰਾਮ ਸਰੂਪ ਅਗਰਵਾਲ ਨੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਫਿਰ ਵਰਕਰਾਂ ਕੋਲ ਸਖਤ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।





