ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਉਨ੍ਹਾ ਸੋਮਵਾਰ ਕਿਹਾ, ‘ਅਸੀਂ ਯੂਨਾਈਟਿਡ ਕਿੰਗਡਮ ਨਾਲ ਸਮਝੌਤਾ ਕੀਤਾ ਹੈ, ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈਤੇ ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਜਿਨ੍ਹਾਂ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ, ਇਸ ਲਈ ਅਸੀਂ ਉਨ੍ਹਾਂ ਨੂੰ ਪੱਤਰ ਭੇਜੇ ਹਨ। ਜੇ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ।’ ਟਰੰਪ ਦੀ ਸਹੀ ਵਾਲੇ ਇਹ ਪੱਤਰ ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਹਨ, ਉਨ੍ਹਾਂ ਵਿੱਚ ਬੰਗਲਾਦੇਸ਼, ਬੋਸਨੀਆ ਹਰਜ਼ੇਗੋਵਿਨਾ, ਕੰਬੋਡੀਆ, ਇੰਡੋਨੇਸ਼ੀਆ, ਜਾਪਾਨ, ਕਜ਼ਾਖਸਤਾਨ, ਲਾਓ ਪੀਪਲਜ਼ ਡੈਮੋਕਰੇਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫਰੀਕਾ, ਦੱਖਣੀ ਕੋਰੀਆ, ਥਾਈਲੈਂਡ ਤੇ ਟਿਊਨੀਸ਼ੀਆ ਸ਼ਾਮਲ ਹਨ। ਟਰੰਪ ਨੇ ਕਿਹਾ, ‘ਅਸੀਂ ਵੱਖ-ਵੱਖ ਮੁਲਕਾਂ ਨੂੰ ਪੱਤਰ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਕਿੰਨੇ ਟੈਕਸ ਦੀ ਅਦਾਇਗੀ ਕਰਨੀ ਹੋਵੇਗੀ।’
ਟਰੰਪ ਨੇ ਕਿਹਾ ਕਿ ਇਹ ਮੁਲਕ ਅਮਰੀਕਾ ਨੂੰ ‘ਲੁੱਟ’ ਰਹੇ ਸਨ ਅਤੇ ‘ਸਾਡੇ ਤੋਂ ਏਨੇ ਜ਼ਿਆਦਾ ਟੈਕਸ ਵਸੂਲ ਰਹੇ ਸਨ ਕਿ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ। ਸਾਡੇ ਕੋਲ ਕੁਝ ਦੇਸ਼ ਹਨ, ਜੋ 200 ਫੀਸਦੀ ਟੈਰਿਫ ਵਸੂਲ ਰਹੇ ਸਨ ਅਤੇ ਕਾਰੋਬਾਰ ਕਰਨਾ ਅਸੰਭਵ ਬਣਾ ਰਹੇ ਸਨ।’



