ਮੁੰਬਈ : ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਮੁੰਬਈ ਵਿੱਚ ਵਿਧਾਇਕ ਹੋਸਟਲ ਦੀ ਕੰਟੀਨ ਦੇ ਇੱਕ ਕਰਮਚਾਰੀ ਨੂੰ ਬੇਹਾ ਭੋਜਨ ਪਰੋਸਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਥੱਪੜ ਜੜ ਦਿੱਤਾ। ਮੰਗਲਵਾਰ ਰਾਤ ਦੀ ਇਸ ਘਟਨਾ ਤੋਂ ਬਾਅਦ ਬੁਲਢਾਣਾ ਦੇ ਵਿਧਾਇਕ ਨੇ ਕਿਹਾ ਕਿ ਉਸ ਨੂੰ ਪਰੋਸਿਆ ਗਿਆ ਭੋਜਨ ਘੱਟ ਗੁਣਵੱਤਾ ਵਾਲਾ ਸੀ ਅਤੇ ਉਹ ਮਹਾਰਾਸ਼ਟਰ ਵਿਧਾਨ ਮੰਡਲ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਚੁੱਕਣਗੇ।
‘ਆਕਾਸ਼ਵਾਣੀ ਵਿਧਾਇਕ ਹੋਸਟਲ’ ਵਿੱਚ ਵਾਪਰੀ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਿੱਚ ਗਾਇਕਵਾੜ ਨੂੰ ਕੰਟੀਨ ਅਪਰੇਟਰ ਨੂੰ ਝਿੜਕਦੇ ਹੋਏ, ਬਿੱਲ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਅਤੇ ਬਿਲਿੰਗ ਕਾਊਂਟਰ ’ਤੇ ਬੈਠੇ ਸਟਾਫ ਮੈਂਬਰ ਨੂੰ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਗਾਇਕਵਾੜ ਨੇ ਕਿਹਾ, ‘ਮੈਂ ਪਹਿਲਾਂ ਵੀ ਦੋ-ਤਿੰਨ ਵਾਰ ਭੋਜਨ ਦੀ ਮਾੜੀ ਗੁਣਵੱਤਾ ਬਾਰੇ ਸ਼ਿਕਾਇਤ ਕੀਤੀ ਸੀ।’ ਸੂਤਰਾਂ ਅਨੁਸਾਰ ਗਾਇਕਵਾੜ ਨੇ ਕੰਟੀਨ ਤੋਂ ਰਾਤ ਦਾ ਖਾਣਾ ਆਰਡਰ ਕੀਤਾ ਸੀ। ਉਨ੍ਹਾ ਭੇਜੀ ਗਈ ਦਾਲ ਅਤੇ ਚੌਲਾਂ ਨੂੰ ਬੇਹਾ ਅਤੇ ਬਦਬੂਦਾਰ ਮਹਿਸੂਸ ਕੀਤਾ। ਇਸ ’ਤੇ ਖਫ਼ਾ ਹੋ ਕੇ ਉਹ ਕੰਟੀਨ ਵਿੱਚ ਪਹੁੰਚ ਗਏ ਅਤੇ ਮੈਨੇਜਰ ਨਾਲ ਭਿੜ ਗਏ।





