ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖਿਲਾਫ ਮਹਾਂਗੱਠਬੰਧਨ ਨੇ ਬੁੱਧਵਾਰ ਪੂਰੇ ਰਾਜ ਵਿੱਚ ਚੱਕਾ ਜਾਮ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਐੱਮ ਏ ਬੇਬੀ, ਰਾਜਦ ਆਗੂ ਤੇੇਜਸਵੀ ਯਾਦਵ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਦੀਪਾਂਕਰ ਭੱਟਾਚਾਰੀਆ ਆਦਿ ਨੇ ਕੀਤੀ। ਪਟਨਾ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਸਾਰੇ ਪ੍ਰਮੁੱਖ ਆਗੂ ਮਾਰਚ ਕੱਢਦੇ ਨਜ਼ਰ ਆਏ। ਆਮਦਨ ਕਰ ਚੌਕ ਤੋਂ ਵੀਰਚੰਦ ਪਟੇਲ ਮਾਰਗ ਅਤੇ ਸ਼ਹੀਦ ਸਮਾਰਕ ਰਾਹੀਂ ਚੋਣ ਕਮਿਸ਼ਨ ਦਫਤਰ ਤੱਕ ਮਾਰਚ ਕੀਤਾ ਗਿਆ। ਮਹਾਂਗੱਠਬੰਧਨ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਸੋਧਣ ਰਾਹੀਂ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਵੋਟਰਾਂ ਨੂੰ ਜਾਣਬੁੱਝ ਕੇ ਸੂਚੀ ਵਿੱਚੋਂ ਹਟਾਇਆ ਜਾ ਰਿਹਾ ਹੈ।
ਰਾਜਵਿਆਪੀ ਬੰਦ ਦੇ ਮੱਦੇਨਜ਼ਰ ਰਾਜ ਦੇ ਕਈ ਹਿੱਸਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਤ ਹੋਈ। ਪੂਰਨੀਆ ਤੋਂ ਆਜ਼ਾਦ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਆਪਣੇ ਸਮਰਥਕਾਂ ਸਮੇਤ ‘ਸਕੱਤਰੇਤ ਹਾਲਟ’ ਰੇਲਵੇ ਸਟੇਸ਼ਨ ਪਹੁੰਚੇ ਅਤੇ ਰੇਲ ਆਵਾਜਾਈ ਰੋਕੀ। ਯਾਦਵ ਦੇ ਸਮਰਥਕਾਂ ਨੇ ਪਟਨਾ ਦੇ ਕਈ ਇਲਾਕਿਆਂ ਦੇ ਨਾਲ-ਨਾਲ ਰਾਜ ਦੇ ਹੋਰ ਹਿੱਸਿਆਂ ਸਮੇਤ ਅਰਰੀਆ, ਕਟਿਹਾਰ ਅਤੇ ਮੁਜ਼ੱਫਰਪੁਰ ਵਿੱਚ ਰੇਲ ਅਤੇ ਸੜਕ ਆਵਾਜਾਈ ਰੋਕੀ। ਵਰਕਰਾਂ ਨੇ ਅਰਵਲ, ਜਹਾਨਾਬਾਦ ਅਤੇ ਦਰਭੰਗਾ ਵਿੱਚ ਟਾਇਰ ਸਾੜੇ ਅਤੇ ਸੜਕਾਂ ਜਾਮ ਕੀਤੀਆਂ।





