ਕਾਰ ਸਵਾਰ ਦੀ ਹਾਦਸੇ ’ਚ ਮੌਤ

0
50

ਕਿਸ਼ਨਗੜ੍ਹ (ਸੁਖਜੀਤ ਕੁਮਾਰ)-ਜਲੰਧਰ ਰਾਸ਼ਟਰੀ ਮਾਰਗ ’ਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਵੀਰਵਾਰ ਸਵੇਰੇ ਵਾਪਰੇ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਮਨਜੋਤ ਸਿੰਘ ਸੈਣੀ ਪੁੱਤਰ ਸੁਰਿੰਦਰ ਸਿੰਘ ਨੇੜੇ ਬਾਂਸਲ ਗੈਸ ਏਜੰਸੀ ਪਠਾਨਕੋਟ ਆਪਣੀ ਕਾਰ ਵਿੱਚ ਸਵੇਰੇ ਜਲੰਧਰ ਨੂੰ ਆ ਰਿਹਾ ਸੀ। ਕਾਰ ਬਹੁਤ ਹੀ ਜ਼ਿਆਦਾ ਤੇਜ਼ ਰਫਤਾਰ ਹੋਣ ਕਰਕੇ ਬੇਕਾਬੂ ਹੋ ਕੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਬਿਸਤ ਦੁਆਬ ਨਹਿਰ ਦੀ ਪੁਲੀ ਨਾਲ ਟਕਰਾਉਣ ਉਪਰੰਤ ਪੁਲੀ ਨਾਲ ਘਿਸੜਦੀ ਹੋਈ ਅੱਗੇ ਜਾ ਰਹੇ ਇੱਕ ਆਟੋ ਨਾਲ ਟਕਰਾਉਣ ਉਪਰੰਤ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਬਿਜਲੀ ਦਾ ਖੰਭਾ ਟੁੱਟ ਕੇ ਜ਼ਮੀਨ ’ਤੇ ਡਿੱਗ ਪਿਆ। ਕਾਰ ਪਲਟੀਆਂ ਖਾਂਦੀ ਹੋਈ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਭਾਰੀ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਪ੍ਰੰਤੂ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਕਾਰ ਦੀ ਪੁਲੀ ਨਾਲ ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਪੋਲ ਟੁੱਟਣ ਕਾਰਨ ਫੈਕਟਰੀਆਂ ਨੂੰ ਜਾਣ ਵਾਲੀ ਬਿਜਲੀ ਵੀ ਪ੍ਰਭਾਵਤ ਹੋਈ। ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੇ ਪੋਲ ਲਗਾਉਣ ਉਪਰੰਤ ਬਿਜਲੀ ਸੇਵਾ ਨੂੰ ਚਾਲੂ ਕਰਵਾਇਆ।
ਨਿੱਜੀ ਸਕੂਲ ਦੇ ਡਾਇਰੈਕਟਰ ਦਾ ਕਤਲ
ਹਿਸਾਰ : ਨਾਰਨੌਂਦ ਉਪ-ਮੰਡਲ ਦੇ ਬਾਸ ਪਿੰਡ ’ਚ ਵੀਰਵਾਰ ਇੱਕ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ ਦਾ ਦੋ ਵਿਦਿਆਰਥੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਡਾਇਰੈਕਟਰ ਜਗਬੀਰ ਪਨੂੰ ਨੂੰ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਹ ਘਟਨਾ ਕਰਤਾਰ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਵੇਰੇ 11 ਵਜੇ ਦੇ ਕਰੀਬ ਵਾਪਰੀ। 10+2 ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਦੇ ਅੰਦਰ ਜਗਬੀਰ ਪਨੂੰ ’ਤੇ ਹਮਲਾ ਕੀਤਾ। ਅਚਾਨਕ ਹੋਏ ਹਮਲੇ ਕਾਰਨ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਫਰਾਰ ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ। ਹਮਲੇ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਹੈ।