ਪੰਜਾਬ ਦੋਖੀ ਤਾਕਤਾਂ ਨੂੰ ਸਮੇਂ ਸਿਰ ਨੱਥ ਪਾਈ ਜਾਵੇ : ਬਰਾੜ

0
316

ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਨੇੜੇ ਪਿੰਡ ਠੱਕਰਪੁਰਾ ਦੇ ਚਰਚ ਵਿੱਚ ਵਾਪਰੀ ਮੰਦਭਾਗੀ ਘਟਨਾ ਜਿੱਥੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਬਦਤਰ ਸਥਿਤੀ ਨੂੰ ਬਿਆਨ ਕਰਦੀ ਹੈ, ਉੱਥੇ ਹੱਸਦਾ-ਵੱਸਦਾ ਤੇ ਰੰਗਲਾ ਪੰਜਾਬ ਬਣਾਉਣ ਦੀਆਂ ਸਰਕਾਰੀ ਟਾਹਰਾਂ ਦਾ ਮੂੰਹ ਵੀ ਚਿੜਾਉਂਦੀ ਹੈ। ਕਾਮਰੇਡ ਬਰਾੜ ਨਵਾਂ ਜ਼ਮਾਨਾ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕਰ ਰਹੇ ਸਨ। ਉਨ੍ਹਾ ਕਿਹਾ ਕਿ ਸਿਰਫ ਠੱਕਰਪੁਰਾ ਦੀ ਹੀ ਘਟਨਾ ਨਹੀਂ, ਸਗੋਂ ਪੰਜਾਬ ਵਿੱਚ ਸਮੁੱਚੇ ਤੌਰ ’ਤੇ ਹੋ-ਵਾਪਰ ਰਹੇ ਦਾ ਉੱਭਰਵਾਂ ਪੱਖ ਦਰਸਾਉਂਦਾ ਹੈ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਦੀਆਂ ਗੋਂਦਾਂ ਗੁੰਦੀਆਂ ਜਾ ਚੁੱਕੀਆਂ ਹਨ। ਦੇਸ਼ ਅਤੇ ਖਾਸ ਕਰਕੇ ਪੰਜਾਬ ਦੋਖੀ ਤਾਕਤਾਂ ਨੂੰ ਸਮੇਂ ਸਿਰ ਨੱਥ ਨਾ ਪਾਈ ਗਈ ਤਾਂ ਧੁਖਦੀ ਅੱਗ ਭਾਂਬੜ ਬਣ ਸਕਦੀ ਹੈ।
ਕਾਮਰੇਡ ਬਰਾੜ ਨੇ ਪੰਜਾਬ ਦੇ ਅਤੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ 80ਵਿਆਂ ਅਤੇ 90ਵਿਆਂ ਵਿੱਚ ਬੜਾ ਸੰਤਾਪ ਭੋਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰ ਰਹੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਪੰਜਾਬ ਦੋਖੀ ਤਾਕਤਾਂ ਪੰਜਾਬ ਦੇ ਅਮਨ ਨੂੰ ਤੀਲ੍ਹੀ ਲਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਇਨ੍ਹਾਂ ਨਾਪਾਕ ਕੋਸ਼ਿਸ਼ਾਂ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਕਮਿਊਨਿਸਟ ਆਗੂ ਨੇ ਪੰਜਾਬ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਕਰਦਿਆਂ ਕਿਹਾ ਕਿ ਹਰ ਖੇਤਰ ਨੂੰ ਨਰੋਈ ਦਿਸ਼ਾ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਜ਼ਮੀਨੀ ਹਕੀਕਤਾਂ ਵੱਲ ਨਜ਼ਰ ਮਾਰੀਏ ਤਾਂ ਦਾਅਵੇ ਧੌਣ ਪਰਨੇ ਡਿੱਗੇ ਹੋਏ ਨਜ਼ਰ ਆਉਂਦੇ ਹਨ। ਮਹਿੰਗਾਈ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਬੇਰੁਜ਼ਗਾਰਾਂ ਦੀ ਫੌਜ ਵਿੱਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਿ੍ਰਸ਼ਟਾਚਾਰ ਬੇਲਗਾਮ ਹੈ। ਸਿੰਥੈਟਿਕ ਨਸ਼ਿਆਂ ਦੀ ਤਸਕਰੀ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ। ਪਹਿਲਾਂ ਹੀ ਕਿਸਾਨਾਂ ਦੇ ਸਿਰ ਇੱਕ ਲੱਖ ਕਰੋੜ ਕਰਜ਼ਾ ਹੈ। ਇਸੇ ਤਰ੍ਹਾਂ ਖੇਤ ਮਜ਼ਦੂਰਾਂ ਸਿਰ ਪੰਜ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਅਜਿਹੀਆਂ ਪ੍ਰਸਥਿਤੀਆਂ ਵਿੱਚ ਭਾਈਚਾਰਕ ਸਾਂਝ ਨੂੰ ਨਫਰਤ ਵਿੱਚ ਬਦਲਣ ਦੀਆਂ ਕੋਝੀਆਂ ਚਾਲਾਂ ਦੀ ਪੈੜ ਨੱਪਣੀ ਜ਼ਰੂਰੀ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਅਤੀਤ ਵਿੱਚ ਵੇਖਿਆ ਗਿਆ ਹੈ ਕਿ ਸਿਆਸੀ ਅਤੇ ਆਰਥਿਕ ਖੇਤਰ ਦੇ ਭਖਦੇ ਮਸਲਿਆਂ ਤੋਂ ਥਿੜਕਾਉਣ ਲਈ ਸੂਬੇ ਦੇ ਲੋਕਾਂ ਨੂੰ ਸਰਕਾਰਾਂ ਵੱਲੋਂ ਹੀ ਹੋਰ ਮਸਲਿਆਂ ਵਿੱਚ ਉਲਝਾਅ ਦਿੱਤਾ ਜਾਂਦਾ ਰਿਹਾ ਹੈ। ਕਮਿਊਨਿਸਟ ਆਗੂ ਨੇ ਆਪਣੀ ਗੱਲ ਨੂੰ ਸਮੇਟਦਿਆਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਮਨ-ਕਾਨੂੰਨ ਦੀ ਸਥਿਤੀ ਵਿੱਚ ਪਹਿਲ ਦੇ ਆਧਾਰ ’ਤੇ ਸੁਧਾਰ ਕਰੇ, ਉੱਥੇ ਪੰਜਾਬ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਦੀ ਰਵਾਇਤ ਨੂੰ ਕਾਇਮ ਰੱਖਣਾ ਚਾਹੀਦਾ ਹੈ।

LEAVE A REPLY

Please enter your comment!
Please enter your name here