ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੁਟੀਆ ਨੇ ਸ਼ਨੀਵਾਰ ਕਿਹਾ ਕਿ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੀਆਂ ਚੋਣਾਂ ਵਿਚ ਵੱਡੇ ਪੱਧਰ ’ਤੇ ਹੋਈ ਸਿਆਸੀ ਦਖਲਅੰਦਾਜ਼ੀ ਤੋਂ ਉਹ ਹੈਰਾਨ ਹੈ, ਜਿਸ ਕਾਰਨ ਨਤੀਜੇ ਉਨ੍ਹਾ ਦੀ ਆਸ ਮੁਤਾਬਕ ਨਹੀਂ ਆਏ। ਭੁਟੀਆ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਲਈ ਹੋਈ ਚੋਣ ਵਿਚ ਭਾਜਪਾ ਆਗੂ ਤੇ ਸਾਬਕਾ ਗੋਲਕੀਪਰ ਕਲਿਆਣ ਚੌਬੇ ਤੋਂ ਹਾਰ ਗਏ ਸੀ। ਸਾਬਕਾ ਭਾਰਤੀ ਕਪਤਾਨ ਨੇ ਚੌਬੇ ਦੀ ਜਿੱਤ ਵਿਚ ਇੱਕ ਕੇਂਦਰੀ ਮੰਤਰੀ ਵੱਲੋਂ ਅਹਿਮ ਭੂਮਿਕਾ ਨਿਭਾਏ ਜਾਣ ਦਾ ਦੋਸ਼ ਲਾਇਆ। ਹਾਲਾਂਕਿ, 45 ਸਾਲਾ ਭੁਟੀਆ ਖੁਦ ਵੀ ਸਿਆਸਤ ਵਿਚ ਰਹਿ ਚੁੱਕੇ ਹਨ। ਉਨ੍ਹਾ ਨੇ ਤਿ੍ਰਣਮੂਲ ਕਾਂਗਰਸ ਦੀ ਟਿਕਟ ’ਤੇ 2014 ਅਤੇ 2016 ਵਿਚ ਕ੍ਰਮਵਾਰ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ, ਪਰ ਉਹ ਸਫਲ ਨਹੀਂ ਹੋ ਸਕੇ। ਫਿਰ ਉਨ੍ਹਾ ਨੇ ਆਪਣੇ ਗ੍ਰਹਿ ਸੂਬੇ ਵਿਚ ਹਮਰੋ ਸਿੱਕਿਮ ਪਾਰਟੀ ਬਣਾ ਲਈ। ਉਨ੍ਹਾ ਕਿਹਾ ਕਿ ਫੁਟਬਾਲ ਫੈਡਰੇਸ਼ਨ ਦੀਆਂ ਚੋਣਾਂ ਬਗੈਰ ਸਿਆਸੀ ਦਖਲਅੰਦਾਜ਼ੀ ਦੇ ਲੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਪੂਰੀ ਤਰ੍ਹਾਂ ਫੁਟਬਾਲ ਮਾਮਲਿਆਂ ’ਤੇ ਕੇਂਦਰਤ ਹੋਣੀਆਂ ਚਾਹੀਦੀਆਂ ਹਨ।





