ਤਿੰਨ ਦਹਾਕਿਆਂ ਬਾਅਦ ਖਿੜੇ ਕਮਲ ਦੇ ਫੁੱਲ

0
148

ਬਾਂਦੀਪੋਰਾ : ਉੱਤਰੀ ਕਸ਼ਮੀਰ ਦੀ ਵੁਲਾਰ ਝੀਲ ਵਿੱਚ ਲੱਗਭੱਗ ਤਿੰਨ ਦਹਾਕਿਆਂ ਬਾਅਦ ਇੱਕ ਵਾਰ ਫਿਰ ਕਮਲ ਦੇ ਫੁੱਲ ਖਿੜੇ ਹਨ। ਇੱਥੇ 1992 ਵਿੱਚ ਵਿਨਾਸ਼ਕਾਰੀ ਹੜ੍ਹ ਆਏ ਸਨ, ਜਿਸ ਤੋਂ ਬਾਅਦ ਇਸ ਖੇਤਰ ਦਾ ਕਾਫੀ ਨੁਕਸਾਨ ਹੋਇਆ ਸੀ, ਪਰ ਇਸ ਖੇਤਰ ਨੂੰ ਵਾਤਾਵਰਨ ਪੱਖੀ, ਫਸਲਾਂ ਤੇ ਫੁੱਲਾਂ ਲਈ ਅਨੁਕੂਲ ਬਣਾਉਣ ਲਈ ਯਤਨ ਕੀਤੇ ਗਏ, ਜਿਸ ਦੇ ਨਤੀਜੇ ਵਜੋਂ ਤਿੰਨ ਦਹਾਕਿਆਂ ਬਾਅਦ ਕਮਲ ਖਿੜੇ ਹਨ।
ਇੱਥੋਂ ਦੇ ਨਿਵਾਸੀ ਅਬਦੁਲ ਹਮੀਦ ਨੇ ਦੱਸਿਆ ਕਿ ਗੁਲਾਬੀ ਕਮਲਾਂ ਦਾ ਖਿੜਨਾ ਨਾ ਸਿਰਫ ਵਾਤਾਵਰਨ ਲਈ, ਸਗੋਂ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਲਈ ਵੀ ਮਹੱਤਵਪੂਰਨ ਹੈ। ਇਹ ਝੀਲ 200 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਥੇ ਏਨੇ ਸਮੇਂ ਬਾਅਦ ਕਮਲ ਦੇ ਫੁੱਲ ਖਿੜਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜ਼ਿਕਰਯੋਗ ਹੈ ਕਿ ਇਹ ਝੀਲ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਉਸ ਨੇ ਕਿਹਾ ਕਿ ਪਹਿਲਾਂ ਸਥਾਨਕ ਲੋਕਾਂ ਨੇ ਝੀਲ ਵਿੱਚ ਕਮਲ ਉਗਾਉਣ ਦੇ ਕਈ ਯਤਨ ਕੀਤੇ, ਪਰ ਸਭ ਵਿਅਰਥ ਗਏ।
ਹਮੀਦ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ 1992 ਵਿੱਚ ਵਿਨਾਸ਼ਕਾਰੀ ਹੜ੍ਹ ਆਇਆ ਸੀ, ਜਿਸ ਨੇ ਜੰਮੂ ਅਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਤੋਂ ਲਗਭਗ 70 ਕਿੱਲੋਮੀਟਰ ਦੂਰ ਸਥਿਤ ਵੂਲਾਰ ਝੀਲ ਦੇ ਈਕੋ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ਹੜ੍ਹਾਂ ਨੇ ਝੀਲ ਵਿੱਚ ਵੱਡੀ ਮਾਤਰਾ ਵਿੱਚ ਗਾਰਾ ਜਮ੍ਹਾਂ ਕਰ ਦਿੱਤਾ, ਜਿਸ ਕਾਰਨ ਕਮਲ ਉਗ ਨਾ ਸਕੇ। ਇਸ ਤੋਂ ਬਾਅਦ ਵੁਲਾਰ ਸੰਭਾਲ ਅਤੇ ਪ੍ਰਬੰਧਨ ਅਥਾਰਟੀ ਨੇ ਇਸ ਖੇਤਰ ਦੀ ਸੰਭਾਲ ਲਈ ਯਤਨ ਕੀਤੇ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।