ਨਵੀਂ ਦਿੱਲੀ : ਭਾਰਤ ਵਿੱਚ ਸਥਿਤ ਅਮਰੀਕੀ ਅੰਬੈਸੀ ਨੇ ਅਮਰੀਕੀ ਵੀਜ਼ਾਧਾਰਕ ਭਾਰਤੀਆਂ ਨੂੰ ਤੈਅ ਇਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਚੇਤਾਵਨੀ ਵਿਚ ਸਾਫ ਕਿਹਾ ਗਿਆ ਹੈ ਕਿ ਅਜਿਹਾ ਕਰਨ ਵਿੱਚ ਨਾਕਾਮ ਰਹਿਣ ’ਤੇ ਵੀਜ਼ਾ ਰੱਦ ਕਰ ਕੇ ਸੰਬੰਧਤ ਵਿਅਕਤੀ ਨੂੰ ਅਮਰੀਕਾ ਵਿੱਚੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇੱਕ ਪੋਸਟ ਵਿੱਚ ਅੰਬੈਸੀ ਨੇ ਕਿਹਾ, ‘ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇ ਦੇਵਾਂਗੇ।’
ਇਸ ਤੋਂ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ, ਜਿਸ ਵਿੱਚ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹੱਈਆ ਕਰਾਉਣੇ ਜ਼ਰੂਰੀ ਕੀਤੇ ਗਏ ਸਨ। ਇਸ ਦਾ ਮਕਸਦ ਇਨ੍ਹਾਂ ਖਾਤਿਆਂ ਦੀ ਅਮਰੀਕੀ ਕਾਨੂੰਨਾਂ ਦੇ ਉਲਟ ਕਿਸੇ ਵੀ ਸਮੱਗਰੀ ਜਾਂ ਵਿਚਾਰਾਂ ਲਈ ਇਨ੍ਹਾਂ ਦੀ ਪੜਤਾਲ ਕਰਨਾ ਹੈ।
ਓਧਰ ਅਮਰੀਕਾ ਦੇ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਭੰਗ (ਕੈਨਾਬਿਸ) ਦੇ ਦੋ ਖੇਤਾਂ ’ਤੇ ਛਾਪੇਮਾਰੀ ਕਰਦਿਆਂ ਲਗਭਗ 200 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ’ਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦਾ ਸ਼ੱਕ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਛਾਪੇਮਾਰੀ ਦਾ ਵਿਰੋਧ ਕੀਤਾ, ਜਿਸ ਕਾਰਨ ਕੁਝ ਦੇਰ ਲਈ ਹਾਲਾਤ ਤਣਾਅਪੂਰਨ ਹੋ ਗਏ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਵੀਰਵਾਰ ਕੈਲੀਫੋਰਨੀਆ ਦੇ ਕਾਰਪਿਨਟੇਰੀਆ ਅਤੇ ਕੈਮਾਰੀਲੋ ਵਿੱਚ ਅਪਰਾਧਕ ਤਲਾਸ਼ੀ ਵਾਰੰਟ ’ਤੇ ਕਾਰਵਾਈ ਕੀਤੀ ਅਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦੇ ਸ਼ੱਕ ਵਿੱਚ ਕੁਝ ਪਰਵਾਸੀਆਂ ਨੂੰ ਗਿ੍ਰਫਤਾਰ ਕੀਤਾ। ਘਟਨਾ ਸਥਾਨ ’ਤੇ ਘੱਟੋ-ਘੱਟ 10 ਬੱਚੇ ਵੀ ਮੌਜੂਦ ਸਨ। ਮੰਤਰਾਲੇ ਨੇ ਕਿਹਾ ਕਿ ਚਾਰ ਅਮਰੀਕੀ ਨਾਗਰਿਕਾਂ ਨੂੰ ਅਧਿਕਾਰੀਆਂ ’ਤੇ ਹਮਲਾ ਕਰਨ ਜਾਂ ਉਨ੍ਹਾਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਕੈਮਾਰੀਲੋ ਸਥਿਤ ਗਲਾਸ ਹਾਊਸ ਫਾਰਮਜ਼ ਦੇ ਬਾਹਰ ਲੋਕਾਂ ਦੀ ਭੀੜ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਦਾ ਵਿਰੋਧ ਕਰਨ ਲਈ ਇਕੱਠੀ ਹੋ ਗਈ। ਕੈਲੀਫੋਰਨੀਆ ਦੀ ਲਾਇਸੈਂਸਸ਼ੁਦਾ ਭੰਗ ਉਤਪਾਦਕ ਕੰਪਨੀ ‘ਗਲਾਸ ਹਾਊਸ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਏਜੰਟਾਂ ਕੋਲ ਵਾਜਬ ਵਾਰੰਟ ਸਨ।
ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਉਨ੍ਹਾਂ ਨੂੰ ਕਾਨੂੰਨੀ ਮਦਦ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀ ਹੈ। ਇਸ ਫਾਰਮ ਵਿੱਚ ਟਮਾਟਰ ਅਤੇ ਖੀਰੇ ਵੀ ਉਗਾਏ ਜਾਂਦੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘ਗਲਾਸ ਹਾਊਸ ਨੇ ਕਦੇ ਵੀ ਜਾਣਬੁੱਝ ਕੇ ਨਿਯੁਕਤੀ ਪ੍ਰਥਾਵਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਕਦੇ ਨਾਬਾਲਗਾਂ ਨੂੰ ਨੌਕਰੀ ’ਤੇ ਰੱਖਿਆ ਹੈ।’



