ਸ਼ਿਮਲਾ : ਜ਼ਿਲ੍ਹਾ ਸ਼ਿਮਲਾ ਦੀ ਚੌਪਾਲ ਸਬ-ਡਿਵੀਜ਼ਨ ਵਿੱਚ ਨੇਰਵਾ ਥਾਣੇ ਅਧੀਨ ਆਉਦੇ ਪਿੰਡ ਝਮਾਰੜੀ ਵਿਖੇ ਗੱਡੀ ਦੇ ਸਾਲਵੀ ਨਦੀ ’ਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ ਅਤੇ ਇੱਕ 10 ਸਾਲ ਦਾ ਬੱਚਾ ਨਦੀ ਵਿੱਚ ਵਹਿ ਗਿਆ। ਇਹ ਲੋਕ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਸ਼ਨਿੱਚਰਵਾਰ ਸ਼ਾਮ 7 ਵਜੇ ਦੇ ਕਰੀਬ ਟੰਡੋਰੀ ਅਤੇ ਬਾਥਲ ਵਿਚਕਾਰ ਸਕਾਰਪੀਓ (ਪੀ ਬੀ32ਜੀ8768) ਹਾਦਸਾਗ੍ਰਸਤ ਹੋ ਗਈ। ਉਸ ਵਿੱਚ ਪੰਜ ਜਣੇ ਸਵਾਰ ਸਨ। ਮਿ੍ਰਤਕਾਂ ਦੀ ਪਛਾਣ ਗੁਰਮੇਲ ਭੱਟੀ (65) ਪੁੱਤਰ ਗੁਰਬਚਨਾ ਰਾਮ ਵਾਸੀ ਮੰਢਾਲੀ ਤੇ ਕੁਮਾਰ ਸੁਚੀ ਵਾਸੀ ਤਹਿਸੀਲ ਨੇਰਵਾ ਜ਼ਿਲ੍ਹਾ ਸ਼ਿਮਲਾ ਵਜੋਂ ਹੋਈ ਹੈ, ਜਦੋਂ ਕਿ ਬਲਵਿੰਦਰ ਕੌਰ (35) ਪਤਨੀ ਹਰਬੰਸ ਲਾਲ ਪਿੰਡ ਬਾਹੜਮਾਜਰਾ ਨਵਾਂਸ਼ਹਿਰ ਅਤੇ ਡਰਾਈਵਰ ਕੇਸ਼ਵ ਕੁਮਾਰ (32) ਵਾਸੀ ਬੰਗਾ ਜ਼ਖਮੀ ਹੋਏ ਹਨ। ਬਲਵਿੰਦਰ ਦਾ 10 ਸਾਲਾ ਬੱਚਾ ਵਨੀਤ ਦੜੋਚ ਪਾਣੀ ਵਿੱਚ ਵਹਿ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਗੁਰਮੇਲ ਭੱਟੀ ਮਿਲਟਰੀ ਇੰਜੀਨੀਅਰ ਸਰਵਿਸ ਵਿੱਚ ਟੈਕਨੀਸ਼ੀਅਨ ਦੇ ਤੌਰ ’ਤੇ 6 ਸਾਲ ਪਹਿਲਾਂ ਰਿਟਾਇਰ ਹੋਏ ਸੀ। ਬਲਵਿੰਦਰ ਕੌਰ ਗੁਰਮੇਲ ਭੱਟੀ ਦੀ ਬੇਟੀ ਹੈ। ਗੁਰਮੇਲ ਭੱਟੀ ਬਹੁਜਨ ਸਮਾਜ ਪਾਰਟੀ ਵਿੱਚ ਸਰਗਰਮ ਸਨ।





