ਮੰਡੀ : ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਸਰਾਜ ਹਲਕੇ ਵਿੱਚ 30 ਜੂਨ ਦੀ ਰਾਤ ਨੂੰ ਫਟੇ ਬੱਦਲ ਨਾਲ ਆਇਆ ਹੜ੍ਹ ਪਰਵਾੜਾ ਪਿੰਡ ਦੀ 11 ਮਹੀਨਿਆਂ ਦੀ ਨਿਕਿਤਾ ਦੀ ਦੁਨੀਆ ਵਹਾ ਕੇ ਲੈ ਗਿਆ। ਨਾਲ ਲੱਗਦੇ ਨਾਲੇ ਵਿੱਚ ਪਾਣੀ ਦੇ ਵਧੇ ਪੱਧਰ ਨੂੰ ਘਰ ਲਈ ਖਤਰਾ ਸਮਝਦਿਆਂ ਰਮੇਸ਼, ਉਸਦੀ ਪਤਨੀ ਰਾਧਾ ਤੇ ਮਾਂ ਪੂਰਣੂ ਦੇਵੀ ਨਿਕਿਤਾ ਨੂੰ ਛੱਡ ਕੇ ਪਾਣੀ ਦੇ ਵਹਾਅ ਨੂੰ ਮੋੜਨ ਲਈ ਘਰ ਦੇ ਪਿੱਛੇ ਗਏ ਤੇ ਹੜ੍ਹ ਵਿੱਚ ਰੁੜ੍ਹ ਗਏ। ਰਮੇਸ਼ ਦੀ ਲਾਸ਼ ਤਾਂ ਮਿਲ ਗਈ ਪਰ ਪਤਨੀ ਤੇ ਮਾਂ ਦਾ ਅਜੇ ਤਕ ਪਤਾ ਨਹੀਂ ਲੱਗਾ। ਨਿਕਿਤਾ ਹੁਣ ਭੂਆ ਤਾਰਾ ਦੇਵੀ ਕੋਲ ਹੈ। ਗੋਹਰ ਦੀ ਐਕਟਿੰਗ ਐੱਸ ਡੀ ਐੱਮ ਸਮਿ੍ਰਤਿਕਾ ਨੇਗੀ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਨੇ ਨਿਕਿਤਾ ਦੀ ਮਦਦ ਲਈ ਬੈਂਕ ਖਾਤਾ ਖੋਲ੍ਹਿਆ ਹੈ। ਪ੍ਰਸ਼ਾਸਨ ਨੇ ਖੁਦ 25 ਹਜ਼ਾਰ ਰੁਪਏ ਇਸ ਵਿੱਚ ਪਾਏ ਹਨ। ਸਾਰੀ ਰਕਮ ਨੂੰ ਨਿਕਿਤਾ 18 ਸਾਲ ਦੀ ਹੋਣ ਤੋਂ ਬਾਅਦ ਵਰਤ ਸਕੇਗੀ। ਹਾਲਾਂਕਿ ਕਈ ਲੋਕਾਂ ਨੇ ਉਸਨੂੰ ਗੋਦ ਲੈਣ ਦੀ ਪੇਸ਼ਕਸ਼ ਕੀਤੀ ਹੈ ਪਰ ਭੂਆ ਉਸਨੂੰ ਖੁਦ ਹੀ ਪਾਲਣਾ ਚਾਹੁੰਦੀ ਹੈ।


